ਨਵੀਂ ਦਿੱਲੀ, 10 ਫਰਵਰੀ
ਕਾਂਗਰਸ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਾਨੂੰਨਾਂ ਨਾਲ ਜੁੜੇ ਫ਼ਿਕਰਾਂ ਨੂੰ ਦੂਰ ਕਰਨ ਲਈ ਲੋਕ ਸਭਾ ਵਿਚ ਭਾਸ਼ਣ ਦੌਰਾਨ ਕੁਝ ਵੀ ਨਹੀਂ ਕਿਹਾ। ਇਸ ਲਈ ਪਾਰਟੀ ਵਾਕਆਊਟ ਕਰਨ ਲਈ ਮਜਬੂਰ ਹੋ ਗਈ। ਲੋਕ ਸਭਾ ਵਿਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ‘ਅਸੀਂ ਸੋਚਿਆ ਸੀ ਕਿ ਪ੍ਰਧਾਨ ਮੰਤਰੀ ਕਿਸਾਨਾਂ ਦੇ ਭਲੇ ਲਈ ਕੁਝ ਅਹਿਮ ਕਦਮਾਂ ਬਾਰੇ ਗੱਲ ਕਰਨਗੇ। 206 ਕਿਸਾਨ ਜਾਨ ਗੁਆ ਚੁੱਕੇ ਹਨ, ਪਰ ਪ੍ਰਧਾਨ ਮੰਤਰੀ ਕੁਝ ਵੀ ਕਹਿਣ ਦੇ ਪੱਖ ਵਿਚ ਨਹੀਂ ਹਨ।’ ਸੰਸਦ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸੀ ਆਗੂ ਨੇ ਕਿਹਾ ‘ਮੋਦੀ ਆਪਣੀ ਸਰਕਾਰ ਵੱਲੋਂ ਕਿਸਾਨਾਂ ਦੇ ਭਲੇ ਲਈ ਚੁੱਕੇ ਗਏ ਕਦਮਾਂ ਬਾਰੇ ਗੱਲ ਕਰਦੇ ਰਹੇ, ਉਸ ਵਿਚ ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਕੁਝ ਲੋਕਾਂ ਨੂੰ ਲਾਹਾ ਦੇਣਗੇ, ਪਰ ਮੈਂ ਕਿਹਾ ਕਿ ਤੁਸੀਂ ਇਸ ਤਰ੍ਹਾਂ ਦਾ ਕਾਨੂੰਨ ਕਿਉਂ ਲਿਆ ਰਹੇ ਹੋ ਜੋ ਸਾਰਿਆਂ ਲਈ ਲਾਹੇਵੰਦ ਨਹੀਂ ਹੈ। ਤੁਸੀਂ ਕਹਿੰਦੇ ਹੋ ਸਭ ਠੀਕ ਹੈ, ਜੇ ਅਜਿਹਾ ਹੈ ਤਾਂ ਕਾਨੂੰਨ ਲਿਆਉਣ ਦੀ ਕੀ ਲੋੜ ਹੈ।’ ਕਾਂਗਰਸ ਆਗੂ ਨੇ ਕਿਹਾ ਕਿ ਮੋਦੀ ਸਾਰਿਆਂ ਦੇ ਪ੍ਰਧਾਨ ਮੰਤਰੀ ਹਨ, ਤੇ ਸਾਰੇ ਕਿਸਾਨ ਚਾਹੁੰਦੇ ਹਨ ਕਿ ਕਾਨੂੰਨ ਵਾਪਸ ਲੈ ਲਏ ਜਾਣ। ਚੌਧਰੀ ਨੇ ਕਿਹਾ ਕਿ ਸਰਕਾਰ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਕਾਨੂੰਨ ਡੇਢ ਸਾਲ ਲਈ ਰੋਕੇ ਜਾ ਸਕਦੇ ਹਨ। ਜੇ ਰੋਕੇ ਜਾ ਸਕਦੇ ਹਨ ਤਾਂ ਵਾਪਸ ਕਿਉਂ ਨਹੀਂ ਲਏ ਜਾ ਸਕਦੇ? ਕਾਂਗਰਸੀ ਆਗੂ ਨੇ ਕਿਹਾ ਕਿ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ ਤੇ ਨਵੇਂ ਕਾਨੂੰਨ ਸਾਰੇ ਕਿਸਾਨਾਂ ਨਾਲ ਤਾਲਮੇਲ ਕਰਨ ਤੋਂ ਬਾਅਦ ਹੀ ਲਾਗੂ ਹੋਣੇ ਚਾਹੀਦੇ ਹਨ। ਕਾਂਗਰਸੀ ਆਗੂ ਨੇ ਕਿਹਾ ਕਿ ਅਸੀਂ ਐਵੇਂ ਹੀ ਵਿਰੋਧ ਨਹੀਂ ਕਰ ਰਹੇ, ਵਿਰੋਧੀ ਧਿਰ ਇਸ ਲਈ ਵਿਰੋਧ ਕਰ ਰਹੀ ਹੈ ਕਿਉਂਕਿ ਉਹ ਕਿਸਾਨਾਂ ਨੂੰ ਇਸ ਹਾਲਤ ਵਿਚ ਨਹੀਂ ਦੇਖ ਸਕਦੀ। ਦੱਸਣਯੋਗ ਹੈ ਕਿ ਰਾਹੁਲ ਗਾਂਧੀ ਸਣੇ ਕਈ ਕਾਂਗਰਸ ਮੈਂਬਰ ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਹੀ ਉੱਠ ਕੇ ਸਦਨ ਵਿਚੋਂ ਬਾਹਰ ਚਲੇ ਗਏ।