ਪਟਨਾ, 3 ਸਤੰਬਰ
ਬਿਹਾਰ ਦੀ ਨਿਤੀਸ਼ ਕੁਮਾਰ ਸਰਕਾਰ ਨੇ ਸੂਬੇ ਦੀ ਇਕ ਯੂਨੀਵਰਸਿਟੀ ਵੱਲੋਂ ਰਾਮ ਮਨੋਹਰ ਲੋਹੀਆ ਅਤੇ ਜੈ ਪ੍ਰਕਾਸ਼ ਨਾਰਾਇਣ ਨਾਲ ਸਬੰਧਤ ਵਿਸ਼ੇ ਰਾਜਨੀਤੀ ਵਿਗਿਆਨ ਦੀ ਐੱਮਏ ’ਚੋਂ ਹਟਾਉਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਯੂਨੀਵਰਸਿਟੀ ਦੇ ਫ਼ੈਸਲੇ ’ਤੇ ਤਿੱਖੀ ਨਾਰਾਜ਼ਗੀ ਜਤਾਈ ਹੈ। ਸਿੱਖਿਆ ਮੰਤਰੀ ਵਿਜੈ ਕੁਮਾਰ ਚੌਧਰੀ ਨੇ ਸਾਰਨ ਜ਼ਿਲ੍ਹੇ ਦੀ ਜੈ ਪ੍ਰਕਾਸ਼ ਨਾਰਾਇਣ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਤਲਬ ਕਰਕੇ ਆਪਣੀ ਨਾਰਾਜ਼ਗੀ ਜਤਾ ਦਿੱਤੀ ਹੈ।
ਚੌਧਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਨੇ ਉਚੇਚੇ ਤੌਰ ’ਤੇ ਫੋਨ ਕਰਕੇ ਇਸ ਮਾਮਲੇ ’ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਮੰਤਰੀ ਨੇ ਕਿਹਾ ਕਿ 2018 ’ਚ ਮਾਹਿਰਾਂ ਦੀ ਕਮੇਟੀ ਦੀਆਂ ਸਿਫਾਰਸ਼ਾਂ ’ਤੇ ਪਾਠਕ੍ਰਮ ’ਚ ਬਦਲਾਅ ਕੀਤਾ ਗਿਆ ਹੈ ਜੋ ਨਵੀਂ ਸਿੱਖਿਆ ਨੀਤੀ ਆਉਣ ਮਗਰੋਂ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਸਮਾਜਵਾਦ ਭਾਰਤੀ ਸਿਆਸਤ ਦੀ ਨਿਵੇਕਲੀ ਵਿਚਾਰਧਾਰਾ ਹੈ ਅਤੇ ਬਿਹਾਰ ਇਸ ਦੀ ਮੁੱਖ ਪ੍ਰਯੋਗਸ਼ਾਲਾ ਰਹੀ ਹੈ।
ਉਨ੍ਹਾਂ ਕਿਹਾ ਕਿ ਬਿਹਾਰ ਦੇ ਜੇਪੀ ਨਾਲ ਡੂੰਘੇ ਜਜ਼ਬਾਤ ਜੁੜੇ ਹੋਏ ਹਨ ਜੋ ਇਸ ਧਰਤੀ ਦੇ ਲਾਲ ਰਹੇ ਹਨ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸਾਦ 1974 ’ਚ ਜੇਪੀ ਅੰਦੋਲਨ ਦੌਰਾਨ ਹੀ ਸਿਆਸਤ ’ਚ ਆਏ ਸਨ। ਮੰਤਰੀ ਨੇ ਕਿਹਾ ਕਿ ਉਹ ਛੇਤੀ ਹੀ ਇਹ ਮਾਮਲਾ ਰਾਜਪਾਲ ਫੱਗੂ ਚੌਹਾਨ ਕੋਲ ਉਠਾਉਣਗੇ ਜੋ ਪ੍ਰਦੇਸ਼ ਯੂਨੀਵਰਸਿਟੀਆਂ ਦੇ ਚਾਂਸਲਰ ਹਨ। -ਪੀਟੀਆਈ