ਟ੍ਰਿਬਿਊਨ ਨਿਊਜ਼ ਸਰਵਿਸ
ਮੁਹਾਲੀ, 17 ਜੁਲਾਈ
ਇਥੋਂ ਦੀ ਅਦਾਲਤ ਨੇ ਪੰਜਾਬ ਪੁਲੀਸ ਦੇ ਸਾਬਕਾ ਡਾਇਰੈਕਟਰ-ਜਨਰਲ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਿੱਚ ਇਜ਼ਾਫਾ ਕਰਦਿਆਂ ਉਨ੍ਹਾਂ ਦੇ ਸੈਕਟਰ-20 ਚੰਡੀਗੜ੍ਹ ਸਥਿਤ ਮਕਾਨ ਨੂੰ ਆਰਜ਼ੀ ਤੌਰ ’ਤੇ ਕੁਰਕ ਕਰਨ ਦੇ ਹੁਕਮ ਦਿੱਤੇ ਹਨ। ਵਿਸ਼ੇਸ਼ ਪਬਲਿਕ ਪ੍ਰੋਸੀਕਿਊਟਰ ਸਰਤੇਜ ਸਿੰਘ ਨਰੂਲਾ ਨੇ ਦੱਸਿਆ ਕਿ ਇਹ ਹੁਕਮ ਐਡੀਸ਼ਨਲ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਪੀਐੱਸ ਗਰੇਵਾਲ ਵੱਲੋਂ ਜਾਰੀ ਕੀਤੇ ਗਏ ਹਨ। ਅਦਾਲਤ ਨੇ ਮੁਹਾਲੀ ਦੇ ਜ਼ਿਲ੍ਹਾ ਕੁਲੈਕਟਰ ਨੂੰ ਕੁਰਕੀ ਦੀ ਕਾਰਵਾਈ ਪੂਰੀ ਕਰਨ ਦੀ ਹਦਾਇਤ ਦਿੱਤੀ ਹੈ ਤੇ ਨਾਲ ਹੀ ਕਿਹਾ ਹੈ ਕਿ ਇਸ ਪ੍ਰਾਪਰਟੀ ਦਾ ਨਿਰਧਾਰਤ 2.5 ਲੱਖ ਰੁਪਏ ਦਾ ਕਿਰਾਇਆ ਸਾਬਕਾ ਡੀਜੀਪੀ ਸੈਣੀ ਤੋਂ ਵਸੂਲਿਆ ਜਾਵੇ। ਇਹ ਵੀ ਦੱਸਿਆ ਗਿਆ ਹੈ ਕਿ ਇਸ ਪ੍ਰਾਪਰਟੀ ਦੀ ਖਰੀਦ ਲਈ ਸੈਣੀ ਦੀ ਸ਼ਹਿ ’ਤੇ ਕਾਲੇ ਧਨ ਦੀ ਵਰਤੋਂ ਕੀਤੀ ਗਈ ਸੀ।