ਜੰਮੂ/ਸ੍ਰੀਨਗਰ, 6 ਅਪਰੈਲ
ਜੰਮੂ ਕਸ਼ਮੀਰ ਦੇ ਅਧਿਕਾਰੀਆਂ ਨੇ ਸ੍ਰੀਨਗਰ ਅਤੇ ਡੋਡਾ ਜ਼ਿਲ੍ਹਿਆਂ ਦੇ ਕਾਰੋਬਾਰੀ ਅਦਾਰਿਆਂ, ਬਾਜ਼ਾਰਾਂ ਅਤੇ ਧਾਰਮਿਕ ਥਾਵਾਂ ’ਤੇ 14 ਦਿਨਾਂ ਦੇ ਅੰਦਰ ਸੀਸੀਟੀਵੀ ਕੈਮਰੇ ਲਗਾਉਣ ਦੇ ਹੁਕਮ ਦਿੱਤੇ ਹਨ। ਅਪਰਾਧੀਆਂ, ਸਮਾਜ ਅਤੇ ਦੇਸ਼ ਵਿਰੋਧੀ ਅਨਸਰਾਂ ’ਤੇ ਨੱਥ ਪਾਉਣ ਦੇ ਮਕਸਦ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਡੋਡਾ ਜ਼ਿਲ੍ਹਾ ਮੈਜਿਸਟਰੇਟ ਵਿਕਾਸ ਸ਼ਰਮਾ ਅਤੇ ਸ੍ਰੀਨਗਰ ਦੇ ਡਿਪਟੀ ਕਮਿਸ਼ਨਰ ਐਜਾਜ਼ ਅਸਦ ਵੱਲੋਂ ਮੰਗਲਵਾਰ ਨੂੰ ਜਾਰੀ ਹੁਕਮ 60 ਦਿਨਾਂ ਲਈ ਲਾਗੂ ਰਹਿਣਗੇ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਨੇ ਹੁਕਮ ਅਦੂਲੀ ਕੀਤੀ ਤਾਂ ਉਸ ਖ਼ਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਅਸਦ ਨੇ ਜਾਰੀ ਹੁਕਮਾਂ ’ਚ ਕਾਰੋਬਾਰੀਆਂ ਨੂੰ ਕਿਹਾ ਹੈ ਕਿ ਜੇਕਰ ਉਹ ਸੀਸੀਟੀਵੀ ’ਚ ਕਿਸੇ ਸ਼ੱਕੀ ਗਤੀਵਿਧੀ ਨੂੰ ਦੇਖਦੇ ਹਨ ਤਾਂ ਆਪਣੇ ਨੇੜਲੇ ਪੁਲੀਸ ਸਟੇਸ਼ਨ ਨੂੰ ਇਸ ਦੀ ਜਾਣਕਾਰੀ ਦੇਣ। ਡੋਡਾ ਦੇ ਐੱਸਐੱਸਪੀ ਨੂੰ ਜ਼ਿਲ੍ਹੇ ’ਚ ਹੁਕਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। -ਪੀਟੀਆਈ