ਭੁਬਨੇਸ਼ਵਰ: ਉੜੀਸਾ ਸਰਕਾਰ ਨੇ ਲੋੜਵੰਦਾਂ ਨੂੰ ਮਹੀਨਾਵਾਰ ਪੈਨਸ਼ਨ ਦੇਣ ਸਬੰਧੀ ਇਕ ਸਮਾਜਿਕ ਭਲਾਈ ਸਕੀਮ ਅਧੀਨ ਕਿੰਨਰਾਂ ਨੂੰ ਵੀ ਲਿਆਉਣ ਦਾ ਫ਼ੈਸਲਾ ਲਿਆ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ ਅਤੇ ਅੰਗਹੀਣ ਵਿਅਕਤੀਆਂ ਦੇ ਸ਼ਕਤੀਕਰਨ ਬਾਰੇ ਮੰਤਰੀ ਅਸ਼ੋਕ ਪਾਂਡਾ ਨੇ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮਧੂ ਬਾਬੂ ਪੈਨਸ਼ਨ ਯੋਜਨਾ ਅਧੀਨ ਕਿੰਨਰਾਂ ਨੂੰ ਲਿਆਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਯੋਜਨਾ ਦਾ ਮਕਸਦ ਬਜ਼ੁਰਗਾਂ, ਅੰਗਹੀਣ ਵਿਅਕਤੀਆਂ ਅਤੇ ਵਿਧਵਾਵਾਂ ਨੂੰ ਵਿੱਤੀ ਸਹਿਯੋਗ ਦੇਣਾ ਹੈ। ਸ੍ਰੀ ਪਾਂਡਾ ਨੇ ਕਿਹਾ ਕਿ ਇਸ ਯੋਜਨਾ ਅਧੀਨ ਆਉਣ ਤੋਂ ਬਾਅਦ ਤਕਰੀਬਨ 5,000 ਕਿੰਨਰਾਂ ਨੂੰ ਉਨ੍ਹਾਂ ਦੀ ਉਮਰ ਮੁਤਾਬਕ 500 ਤੋਂ 900 ਰੁਪਏ ਮਹੀਨਾ ਪੈਨਸ਼ਨ ਮਿਲੇਗੀ। ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਕਾਬਜ਼ ਧਿਰ ਵੱਲੋਂ 2019 ਚੋਣਾਂ ਦੌਰਾਨ ਆਪਣੇ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। -ਪੀਟੀਆਈ