ਭੁਬਨੇਸ਼ਵਰ, 5 ਫਰਵਰੀ
ਉੜੀਸਾ ਦੇ ਕਾਲਾਹਾਂਡੀ ਜ਼ਿਲ੍ਹੇ ਦਾ ਇਕ ਪੱਤਰਕਾਰ ਬਾਰੂਦੀ ਸੁਰੰਗ ਧਮਾਕੇ ਵਿਚ ਮਾਰਿਆ ਗਿਆ ਹੈ। ਪੁਲੀਸ ਨੇ ਆਈਈਡੀ ਧਮਾਕੇ ਪਿੱਛੇ ਮਾਓਵਾਦੀਆਂ ਦਾ ਹੱਥ ਹੋਣ ਦਾ ਸ਼ੱਕ ਜ਼ਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਧਮਾਕਾਖ਼ੇਜ਼ ਸਮੱਗਰੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਰੱਖੀ ਗਈ ਹੋ ਸਕਦੀ ਹੈ। ਵੇਰਵਿਆਂ ਮੁਤਾਬਕ ਭੁਬਨੇਸ਼ਵਰ ਤੋਂ ਨਿਕਲਦੀ ਉੜੀਆ ਭਾਸ਼ਾ ਦੀ ਇਕ ਮੋਹਰੀ ਅਖ਼ਬਾਰ ਦਾ ਪੱਤਰਕਾਰ ਤੇ ਫੋਟੋਗ੍ਰਾਫਰ ਰੋਹਿਤ ਕੁਮਾਰ ਬਿਸਵਾਲ ਜਦ ਮਾਓਵਾਦੀਆਂ ਵੱਲੋਂ ਲਾਏ ਪੋਸਟਰਾਂ ਨਾਲ ਭਰੇ ਇਕ ਦਰੱਖਤ ਕੋਲ ਪਹੁੰਚਿਆ ਤਾਂ ਆਈਈਡੀ ਧਮਾਕਾ ਹੋ ਗਿਆ। ਦਰੱਖਤ ਉਤੇ ਮਾਓਵਾਦੀਆਂ ਨੇ ਪੋਸਟਰ ਤੇ ਬੈਨਰ ਲਾ ਕੇ ਲੋਕਾਂ ਨੂੰ ਪੰਚਾਇਤ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਸੀ। ਪੰਚਾਇਤ ਚੋਣਾਂ ਇਸੇ ਮਹੀਨੇ ਹੋਣੀਆਂ ਹਨ। ਕਾਲਾਹਾਂਡੀ ਦੇ ਐੱਸਪੀ ਡਾ. ਵਿਵੇਕ ਐਮ ਨੇ ਕਿਹਾ ਕਿ ਜਦ ਵੀ ਇਸ ਤਰ੍ਹਾਂ ਦੇ ਪੋਸਟਰ ਨਜ਼ਰ ਆਉਂਦੇ ਹਨ ਤਾਂ ਪੁਲੀਸ ਸਥਿਤੀ ਨਾਲ ਨਜਿੱਠਣ ਲਈ ਇਕ ਵਿਸ਼ੇਸ਼ ਪ੍ਰਕਿਰਿਆ ਦਾ ਪਾਲਣ ਕਰਦੀ ਹੈ ਕਿਉਂਕਿ ਇਸ ਗੱਲ ਦੀ ਸੰਭਾਵਨਾ ਹੁੰਦੀ ਹੈ ਕਿ ਉੱਥੇ ਬਾਰੂਦੀ ਸੁਰੰਗ ਵਿਛਾਈ ਗਈ ਹੋਵੇ। ਉਨ੍ਹਾਂ ਕਿਹਾ ਕਿ ਪੁਲੀਸ ਦੀ ਟੀਮ ਨੂੰ ਵੀ ਪੋਸਟਰਾਂ ਬਾਰੇ ਸੂਚਨਾ ਮਿਲੀ ਸੀ ਪਰ ਜਦ ਉਹ ਉੱਥੇ ਪਹੁੰਚੇ ਤਾਂ ਮੰਦਭਾਗੀ ਘਟਨਾ ਵਾਪਰ ਚੁੱਕੀ ਸੀ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਕਿ ਪੁਲੀਸ ਮੈਟਲ ਡਿਟੈਕਟਰ ਨਾਲ ਉੱਥੇ ਪਹੁੰਚਦੀ 46 ਸਾਲਾ ਪੱਤਰਕਾਰ ਦਰੱਖਤ ਦੇ ਨੇੜੇ ਪਹੁੰਚ ਗਿਆ। ਇਹ ਘਟਨਾ ਮਦਨਪੁਰ ਰਾਮਪੁਰ ਬਲਾਕ ਨੇੜਲੇ ਪਿੰਡ ਵਿਚ ਵਾਪਰੀ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੱਤਰਕਾਰ ਦੇ ਪਰਿਵਾਰ ਵਿਚ ਪਤਨੀ ਤੋਂ ਇਲਾਵਾ ਦੋ ਬੱਚੇ ਹਨ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਘਟਨਾ ਉਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਲਈ 13 ਲੱਖ ਰੁਪਏ ਦੀ ਮਾਲੀ ਮਦਦ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉੜੀਸਾ ਪੁਲੀਸ 9 ਲੱਖ ਰੁਪਏ ਦੇਵੇਗੀ ਤੇ ਪੱਤਰਕਾਰ ਭਲਾਈ ਫੰਡ ਵਿਚੋਂ ਵੀ ਚਾਰ ਲੱਖ ਰੁਪਏ ਦਿੱਤੇ ਜਾਣਗੇ। ਉੜੀਸਾ ਦੀ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਪ੍ਰਸੰਨਾ ਮੋਹੰਤੀ ਨੇ ਘਟਨਾ ਦੀ ਨਿਖੇਧੀ ਕਰਦਿਆਂ ਬਿਸਵਾਲ ਦੇ ਪਰਿਵਾਰ ਲਈ ਢੁੱਕਵਾਂ ਮੁਆਵਜ਼ਾ ਮੰਗਿਆ ਹੈ। ਸੰਗਠਨ ਨੇ ਨਾਲ ਹੀ ਮੰਗ ਕੀਤੀ ਕਿ ਜਿਨ੍ਹਾਂ ਜ਼ਿਲ੍ਹਿਆਂ ਵਿਚ ਮਾਓਵਾਦੀ ਸਰਗਰਮ ਹਨ, ਉੱਥੇ ਪੱਤਰਕਾਰਾਂ ਦੀ ਢੁੱਕਵੀਂ ਸੁਰੱਖਿਆ ਦਾ ਪ੍ਰਬੰਧ ਵੀ ਕੀਤਾ ਜਾਵੇ। -ਪੀਟੀਆਈ
ਕਸ਼ਮੀਰ ’ਚ ਗ੍ਰਿਫ਼ਤਾਰ ਪੱਤਰਕਾਰ ਖ਼ਿਲਾਫ਼ ਕੇਸ ਦਰਜ
ਸ੍ਰੀਨਗਰ: ਜੰਮੂ ਕਸ਼ਮੀਰ ਵਿਚ ਸ਼ੁੱਕਰਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਪੱਤਰਕਾਰ ਫਾਹਦ ਸ਼ਾਹ ਖ਼ਿਲਾਫ਼ ਪੁਲੀਸ ਨੇ ‘ਅਤਿਵਾਦ ਨੂੰ ਸਹੀ ਠਹਿਰਾਉਣ’, ਝੂਠੀਆਂ ਖ਼ਬਰਾਂ ਪ੍ਰਚਾਰਨ ਤੇ ਆਮ ਲੋਕਾਂ ਨੂੰ ਕਾਨੂੰਨ-ਵਿਵਸਥਾ ਭੰਗ ਕਰਨ ਲਈ ਭੜਕਾਉਣ ਦੇ ਦੋਸ਼ਾਂ ਹੇਠ ਕੇਸ ਦਰਜ ਕੀਤਾ ਹੈ। ਸ਼ਾਹ ਖ਼ਿਲਾਫ਼ ਪੁਲਵਾਮਾ ਤੇ ਸਫ਼ਾਕਦਲ ਪੁਲੀਸ ਥਾਣਿਆਂ ਵਿਚ ਕੇਸ ਦਰਜ ਕੀਤਾ ਗਿਆ ਹੈ। ਕਸ਼ਮੀਰ ਦੇ ਆਈਜੀਪੀ ਵਿਜੇ ਕੁਮਾਰ ਨੇ ਪੱਤਰਕਾਰਾਂ ਨੂੰ ਅਪੀਲ ਕੀਤੀ ਕਿ ਸੂਚਨਾ ਨੂੰ ਅੱਗੇ ਫੈਲਾਉਣ ਤੋਂ ਪਹਿਲਾਂ ਉਹ ਇਸ ਦੀ ਪੁਲੀਸ ਕੋਲੋਂ ਪੁਸ਼ਟੀ ਜ਼ਰੂਰ ਕਰਨ। ਦੱਸਣਯੋਗ ਹੈ ਕਿ ਸ਼ਾਹ ਹਫ਼ਤਾਵਾਰੀ ਆਨਲਾਈਨ ਰਸਾਲੇ ‘ਦਿ ਕਸ਼ਮੀਰਵਾਲਾ’ ਦਾ ਸੰਸਥਾਪਕ ਸੰਪਾਦਕ ਹੈ। -ਪੀਟੀਆਈ