ਭੁਬਨੇਸ਼ਵਰ, 2 ਜੁਲਾਈ
ਪੈਗੰਬਰ ਮੁਹੰਮਦ ਬਾਰੇ ਨੂਪੁਰ ਸ਼ਰਮਾ ਵੱਲੋਂ ਕੀਤੀ ਗਈ ਕਥਿਤ ਵਿਵਾਦਤ ਟਿੱਪਣੀ ਨੂੰ ਲੈ ਕੇ ਉੜੀਸਾ ਵਿਧਾਨ ਸਭਾ ’ਚ ਅੱਜ ਵਿਰੋਧੀ ਪਾਰਟੀਆਂ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਗਏ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। ਕਾਂਗਰਸ ਵਿਧਾਇਕ ਦਲ ਦੇ ਨੇਤਾ ਨਰਸਿੰਘ ਮਿਸ਼ਰਾ ਨੇ ਪ੍ਰਸ਼ਨ ਕਾਲ ਦੌਰਾਨ ਇਹ ਮੁੱਦਾ ਚੁੱਕਿਆ ਤੇ ਨੂਪੁਰ ਦੇ ਬਿਆਨ ’ਤੇ ਮੁੱਖ ਮੰਤਰੀ ਨਵੀਨ ਪਟਨਾਇਕ ਦਾ ਵਿਚਾਰ ਜਾਣਨਾ ਚਾਹਿਆ। ਉਨ੍ਹਾਂ ਕਿਹਾ, ‘ਨੂਪੁਰ ਸ਼ਰਮਾ ਭਾਜਪਾ ਦੀ ਤਰਜਮਾਨ ਜਾਂ ਏਜੰਟ ਸੀ। ਬੀਤੇ ਦਿਨ ਸੁਪਰੀਮ ਕੋਰਟ ਨੇ ਉਸ ਦੀ ਝਾੜ-ਝੰਬ ਕੀਤੀ ਤੇ ਸਿੱਧੇ ਤੌਰ ’ਤੇ ਇਸ ਸਿਆਸੀ ਪਾਰਟੀ ਦੀ ਆਲੋਚਨਾ ਵੀ ਕੀਤੀ।’ ਉਨ੍ਹਾਂ ਕਿਹਾ ਕਿ ਇਸ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਮਿਸ਼ਰਾ ਦੇ ਬਿਆਨ ਤੋਂ ਭਾਜਪਾ ਦੇ ਮੈਂਬਰ ਭੜਕ ਪਏ ਤੇ ਆਪਣੀ ਸੀਟ ’ਤੇ ਖੜ੍ਹੇ ਹੋ ਕੇ ਕਾਂਗਰਸ ’ਤੇ ਦੋਸ਼ ਲਾਉਣ ਲੱਗੇ। ਸਦਨ ’ਚ ਭਾਜਪਾ ਦੇ ਡਿਪਟੀ ਆਗੂ ਬੀਸੀ ਸੇਠੀ ਨੇ ਕਿਹਾ ਕਿ ਹਾਲ ਹੀ ਵਿੱਚ ਰਾਜਸਥਾਨ ਵਿੱਚ ਦਰਜ਼ੀ ਦੀ ਹੱਤਿਆ ਹੋਈ ਹੈ ਤੇ ਉੱਥੇ ਕਾਂਗਰਸ ਦੀ ਸਰਕਾਰ ਹੈ। ਸੇਠੀ ਨੇ ਕਸ਼ਮੀਰ ਤੋਂ ਕਸ਼ਮੀਰੀ ਪੰਡਿਤਾਂ ਦੀ ਹਿਜਰਤ ਦੇ ਮੁੱਦੇ ’ਤੇ ਵੀ ਕਾਂਗਰਸ ਨੂੰ ਨਿਸ਼ਾਨੇ ’ਤੇ ਲਿਆ। ਵਿਰੋਧੀ ਧਿਰਾਂ ਨੇ ਇੱਕ-ਦੂਜੇ ’ਤੇ ਕਾਰਵਾਈ ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ। ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਸਪੀਕਰ ਵੱਲੋਂ ਸ਼ਾਂਤ ਹੋਣ ਦੀ ਕੀਤੀ ਗਈ ਅਪੀਲ ’ਤੇ ਸੁਣਵਾਈ ਨਹੀਂ ਕੀਤੀ ਜਿਸ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ ਕਈ ਵਾਰ ਮੁਲਤਵੀ ਕਰਨੀ ਪਈ। -ਪੀਟੀਆਈ