ਬਰਹਾਮਪੁਰ, 25 ਮਈ
ਉੜੀਸਾ ਵਿਚ ਵਾਪਰੇ ਇਕ ਸੜਕ ਹਾਦਸੇ ’ਚ ਪੱਛਮੀ ਬੰਗਾਲ ਦੇ ਛੇ ਸੈਲਾਨੀਆਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਚਾਰ ਔਰਤਾਂ ਸ਼ਾਮਲ ਹਨ। ਮੰਗਲਵਾਰ ਦੇਰ ਰਾਤ ਵਾਪਰੇ ਹਾਦਸੇ ਵਿਚ 40 ਵਿਅਕਤੀ ਜ਼ਖ਼ਮੀ ਵੀ ਹੋਏ ਹਨ। ਵੇਰਵਿਆਂ ਮੁਤਾਬਕ ਜਿਸ ਬੱਸ ਵਿਚ ਉਹ ਸਫ਼ਰ ਕਰ ਰਹੇ ਸਨ, ਉਹ ਉੜੀਸਾ ਦੇ ਕਾਲਿੰਗਾ ਘਾਟ ਖੇਤਰ ’ਚ ਸੜਕ ਤੋਂ ਲਹਿ ਕੇ ਪਲਟ ਗਈ। ਘਟਨਾ ਗੰਜਮ ਜ਼ਿਲ੍ਹੇ ਵਿਚ ਵਾਪਰੀ ਹੈ ਤੇ 15 ਲੋਕ ਗੰਭੀਰ ਫੱਟੜ ਹਨ। ਬੱਸ ਵਿਚ 77 ਜਣੇ ਸਵਾਰ ਸਨ ਤੇ ਪੱਛਮੀ ਬੰਗਾਲ ਦੇ ਹਾਵੜਾ ਤੇ ਹੁਗਲੀ ਜ਼ਿਲ੍ਹਿਆਂ ਨਾਲ ਸਬੰਧਤ ਸਨ। ਇਹ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵੱਲ ਜਾ ਰਹੇ ਸਨ। ਰਾਹਤ ਤੇ ਬਚਾਅ ਕਰਮੀਆਂ ਨੇ ਮੌਕੇ ਉਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਤੇ ਹਸਪਤਾਲ ਪਹੁੰਚਾਇਆ। ਪੁਲੀਸ ਨੇ ਸ਼ੱਕ ਜ਼ਾਹਿਰ ਕੀਤਾ ਹੈ ਕਿ ਪਹਾੜੀ ਇਲਾਕੇ ਵਿਚ ਇਕ ਮੋੜ ਕੱਟਦਿਆਂ ਡਰਾਈਵਰ ਸੰਤੁਲਨ ਗੁਆ ਬੈਠਾ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਘਟਨਾ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉੜੀਸਾ ਸਰਕਾਰ ਨੇ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। -ਪੀਟੀਆਈ