ਭੁਬਨੇਸ਼ਵਰ, 20 ਸਤੰਬਰ
ਉੜੀਸਾ ਦੇ ਭਰਤਪੁਰ ਪੁਲੀਸ ਥਾਣੇ ਵਿੱਚ ਫ਼ੌਜੀ ਅਧਿਕਾਰੀ ਦੀ ਮੰਗੇਤਰ ਨਾਲ ਕਥਿਤ ਤੌਰ ’ਤੇ ਜਬਰ-ਜਨਾਹ ਦੇ ਮਾਮਲੇ ’ਚ ਖੁ਼ਦ ਨੋਟਿਸ ਲੈਂਦਿਆਂ ਉੜੀਸਾ ਰਾਜ ਮਹਿਲਾ ਕਮਿਸ਼ਨ (ਐੱਸਸੀਡਬਲਿਊ) ਨੇ ਅੱਜ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਿਨਾਤੀ ਬੇਹਰਾ ਨੇ ਅੱਜ ਖ਼ੁਦ ਭਰਤਪੁਰ ਪੁਲੀਸ ਥਾਣੇ ਦਾ ਦੌਰਾ ਕਰਕੇ ਘਟਨਾ ਦੀ ਜਾਣਕਾਰੀ ਲਈ। ਉਨ੍ਹਾਂ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਪੁਲੀਸ ਥਾਣੇ ਦਾ ਦੌਰਾ ਕਰਨ ਮਗਰੋਂ ਬੇਹਰਾ ਨੇ ਕਿਹਾ, ‘ਅਸੀਂ ਖ਼ੁਦ ਨੋਟਿਸ ਲੈਂਦਿਆਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਅਸੀਂ ਭਰਤਪੁਰ ਪੁਲੀਸ ਥਾਣੇ ਵਿੱਚ ਮੌਜੂਦ ਮਾਮਲੇ ਨਾਲ ਸਬੰਧਿਤ ਸਾਰੇ ਦਸਤਾਵੇਜ਼ ਇਕੱਠੇ ਕਰ ਲਏ ਹਨ।’ ਬੇਹਰਾ ਨੇ ਕਿਹਾ ਕਿ ਉਹ ਪੀੜਤਾ ਦੇ ਘਰ ਜਾ ਕੇ ਉਸ ਨਾਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਬਣਾਈ ਜਾਵੇਗੀ। -ਪੀਟੀਆਈ
ਪਟਨਾਇਕ ਨੇ ਐੱਸਆਈਟੀ ਅਤੇ ਨਿਆਂਇਕ ਜਾਂਚ ਦੀ ਮੰਗ ਕੀਤੀ
ਉੜੀਸਾ ਦੇ ਸਾਬਕਾ ਮੁੱਖ ਮੰਤਰੀ ਅਤੇ ਬੀਜੂ ਜਨਤਾ ਦਲ ਦੇ ਪ੍ਰਧਾਨ ਨਵੀਨ ਪਟਨਾਇਕ ਨੇ ਮਾਮਲੇ ਦੀ ਅਦਾਲਤ ਦੀ ਨਿਗਰਾਨੀ ਵਿੱਚ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਅਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ। ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪਟਨਾਇਕ ਨੇ ਘਟਨਾ ਦੀ ਨਿਖੇਧੀ ਕਰਦਿਆਂ ਇਸ ਨੂੰ ‘ਖੌਫ਼ਨਾਕ’ ਕਰਾਰ ਦਿੱਤਾ।