ਜੰਮੂ, 3 ਜਨਵਰੀ
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ਨੇੜੇ ਐਤਵਾਰ ਨੂੰ ਹੋਰ ਹਥਿਆਰ ਅਤੇ ਗੋਲੀ-ਸਿੱਕਾ ਬਰਾਮਦ ਕੀਤੇ ਹਨ। ਜੰਮੂ ਕਸ਼ਮੀਰ ਗਜ਼ਨਵੀ ਫੋਰਸ ਜਥੇਬੰਦੀ ਦੇ ਤਿੰਨ ਮੈਂਬਰਾਂ ਦੀ ਗ੍ਰਿਫ਼ਤਾਰੀ ਮਗਰੋਂ ਜ਼ਿਲ੍ਹੇ ’ਚ ਤੀਜੀ ਥਾਂ ਤੋਂ ਅਸਲਾ ਮਿਲਿਆ ਹੈ। ਪੁਣਛ ਦੇ ਐੱਸਐੱਸਪੀ ਰਮੇਸ਼ ਅੰਗਰਾਲ ਨੇ ਦੱਸਿਆ ਕਿ ਬਾਲਾਕੋਟ ਸੈਕਟਰ ’ਚ ਡਾਬੀ ਪਿੰਡ ਤੋਂ ਤਲਾਸ਼ੀ ਮੁਹਿੰਮ ਦੌਰਾਨ ਇਹ ਹਥਿਆਰ ਮਿਲੇ ਹਨ। ਸੁਰੱਖਿਆ ਬਲਾਂ ਨੂੰ ਇਕ ਪਿਸਤੌਲ, ਤਿੰਨ ਮੈਗਜ਼ੀਨਾਂ, 35 ਗੋਲੀਆਂ ਅਤੇ ਪੰਜ ਹੈਂਡ ਗਰਨੇਡ ਮਿਲੇ। ਐੱਸਐੱਸਪੀ ਨੇ ਦੱਸਿਆ ਕਿ ਬਾਲਾਕੋਟ ਇਲਾਕੇ ਤੋਂ 28 ਦਸੰਬਰ ਨੂੰ ਦਹਿਸ਼ਤਗਰਦਾਂ ਦੇ ਤਿੰਨ ਸਾਥੀਆਂ ਨੂੰ ਛੇ ਹੈਂਡ ਗਰਨੇਡਾਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਪੁੱਛ-ਗਿੱਛ ਮਗਰੋਂ ਇਹ ਬਰਾਮਦਗੀ ਹੋਈ ਹੈ। ਉਨ੍ਹਾਂ ਦਾਅਵਾ ਕੀਤਾ ਕਿ ਦਹਿਸ਼ਤੀ ਜਥੇਬੰਦੀ ਜੰਮੂ ਕਸ਼ਮੀਰ ਗਜ਼ਨਵੀ ਫੋਰਸ ਮਕਬੂਜ਼ਾ ਕਸ਼ਮੀਰ (ਪੀਓਕੇ) ਤੋਂ ਕੰਮ ਕਰ ਰਹੀ ਹੈ। ਐੱਸਐੱਸਪੀ ਨੇ ਕਿਹਾ ਕਿ ਇਹ ਜਥੇਬੰਦੀ ਧਾਰਮਿਕ ਥਾਵਾਂ ਨੂੰ ਨਿਸ਼ਾਨਾ ਬਣਾ ਕੇ ਜੰਮੂ ਖ਼ਿੱਤੇ ’ਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਕੋਸ਼ਿਸ਼ਾਂ ’ਚ ਹੈ। ਹੁਣ ਤੱਕ 13 ਗਰਨੇਡ, ਤਿੰਨ ਪਿਸਤੌਲਾਂ, ਪੰਜ ਮੈਗਜ਼ੀਨਾਂ, 105 ਰੌਂਦ, ਚਾਰ ਪਾਕਿਸਤਾਨੀ ਗੁਬਾਰੇ, ਤਹਿਰੀਕ-ਉਲ-ਮੁਜਾਹਿਦੀਨ ਦਾ ਝੰਡਾ ਅਤੇ ਜੇਐਂਡਕੇ ਗਜ਼ਨਵੀ ਫੋਰਸ ਦੇ 18 ਪੋਸਟਰ ਬਰਾਮਦ ਹੋ ਚੁੱਕੇ ਹਨ। -ਪੀਟੀਆਈ
ਪੁਣਛ ਵਿੱਚ ਪਾਕਿ ਵੱਲੋਂ ਗੋਲੀਬੰਦੀ ਦੀ ਉਲੰਘਣਾ
ਪੁਣਛ: ਪਾਕਿਸਤਾਨੀ ਫ਼ੌਜ ਨੇ ਅੱਜ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨਾਲ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਮੋਰਟਾਰ ਦਾਗੇ। ਰੱਖਿਆ ਬੁਲਾਰੇ ਨੇ ਕਿਹਾ ਕਿ ਗੋਲੀਬਾਰੀ ਬਿਨਾਂ ਭੜਕਾਹਟ ਤੋਂ ਕੀਤੀ ਗਈ। ਸਰਹੱਦ ਪਾਰੋਂ ਗੋਲੀਬਾਰੀ ਮੇਂਧੜ ਸੈਕਟਰ ਵਿਚ ਸ਼ਾਮ ਕਰੀਬ 4.15 ’ਤੇ ਸ਼ੁਰੂ ਹੋਈ। ਇਸ ਦਾ ਭਾਰਤੀ ਫ਼ੌਜ ਨੇ ਠੋਕਵਾਂ ਜਵਾਬ ਦਿੱਤਾ। ਆਖ਼ਰੀ ਸੂਚਨਾ ਮਿਲਣ ਤੱਕ ਗੋਲੀਬਾਰੀ ਜਾਰੀ ਸੀ। ਭਾਰਤੀ ਪਾਸੇ ਹਾਲੇ ਤੱਕ ਕਿਸੇ ਜਾਨੀ-ਮਾਲੀ ਨੁਕਸਾਨ ਦੀ ਸੂਚਨਾ ਨਹੀਂ ਹੈ। -ਪੀਟੀਆਈ