ਨਵੀਂ ਦਿੱਲੀ, 12 ਅਗਸਤ
ਰੂਸ ਵੱਲੋਂ ਵਿਕਸਤ ਕੀਤੇ ਗਏ ਕੋਵਿਡ-19 ਦੇ ਟੀਕਾ ਦੇ ਅਸਰਦਾਰ ਹੋਣ ਸਬੰਧੀ ਭਾਰਤ ਸਮੇਤ ਦੁਨੀਆਂ ਦੇ ਕਈ ਵਿਗਿਆਨੀਆਂ ਨੂੰ ਸ਼ੱਕ ਹੈ।
ਪੁਣੇ ’ਚ ਭਾਰਤੀ ਵਿਗਿਆਨ ਸੰਸਥਾ, ਸਿੱਖਿਆ ਤੇ ਖੋਜ ਦੀ ਇੱਕ ਮਾਹਿਰ ਵਿਨੀਤਾ ਬੱਲ ਨੇ ਕਿਹਾ, ‘ਜਦੋਂ ਤੱਕ ਲੋਕਾਂ ਕੋਲ ਦੇਖਣ ਲਈ ਕਲੀਨੀਕਲ ਟੈਸਟਾਂ ਤੇ ਗਿਣਤੀ ਸਮੇਤ ਅੰਕੜੇ ਨਹੀਂ ਹਨ ਤਾਂ ਇਹ ਮੰਨਣਾ ਮੁਸ਼ਕਿਲ ਹੈ ਕਿ ਜੂਨ 2020 ਤੇ ਅਗਸਤ 2020 ਵਿਚਾਲੇ ਟੀਕੇ ਦੇ ਅਸਰਦਾਰ ਹੋਣ ਬਾਰੇ ਅਧਿਐਨ ਕੀਤਾ ਗਿਆ ਹੈ।’
ਅਮਰੀਕਾ ਦੇ ਮਾਊਂਟ ਸਿਨਾਈ ਦੇ ਇਕਾਨ ਸਕੂਲ ਆਫ ਮੈਡੀਸਨ ਦੇ ਪ੍ਰੋ. ਫਲੋਰੀਅਨ ਕ੍ਰੇਮਰ ਨੇ ਕਿਹਾ, ‘ਅਜੇ ਇਹ ਪੱਕਾ ਨਹੀਂ ਹੈ ਕਿ ਰੂਸ ਕੀ ਕਰ ਰਿਹਾ ਹੈ ਪਰ ਮੈਂ ਲਾਜ਼ਮੀ ਤੌਰ ’ਤੇ ਟੀਕਾ ਨਹੀਂ ਲਵਾਂਗਾ ਜਿਸ ਦਾ ਤੀਜੇ ਗੇੜ ਦਾ ਟੈਸਟ ਨਹੀਂ ਕੀਤਾ ਗਿਆ।’ ਨਵੀਂ ਦਿੱਲੀ ਦੀ ਨੈਸ਼ਨਲ ਇੰਸਟੀਚਿਊਟ ਆਫ ਇਮਿਊਨਾਲੌਜੀ ਦੇ ਸੱਤਿਆਜੀਤ ਰਥ ਨੇ ਕਿਹਾ ਕਿ ਰੂਸੀ ਟੀਕੇ ਦੇ ਪ੍ਰਭਾਵੀ ਹੋਣ ਦਾ ਅਜੇ ਕੋਈ ਸਬੂਤ ਨਹੀਂ ਹੈ। ਹੈਦਰਾਬਾਦ ਦੇ ਸੀਸੀਐੱਮਬੀ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਰੂਸ ਦੇ ਟੀਕੇ ਦੇ ਸਬੰਧੀ ਲੋੜੀਂਦੇ ਅੰਕੜੇ ਮੁਹੱਈਆ ਨਾ ਹੋਣ ਕਾਰਨ ਇਸ ਟੀਕੇ ਦੇ ਅਸਰਦਾਰ ਹੋਣ ਤੇ ਇਸ ਦੀ ਵਰਤੋਂ ਸੁਰੱਖਿਅਤ ਹੋਣ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ‘ਪੈਨ ਅਮਰੀਕੀ ਹੈਲਥ ਆਰਗੇਨਾਈਜ਼ੇਸ਼ਨ’ ਨੇ ਕਿਹਾ ਕਿ ਮਾਪ-ਦੰਡ, ਸੁਰੱਖਿਆ ਤੇ ਪ੍ਰਭਾਵ ਨੂੰ ਲੈ ਕੇ ਅਜੇ ਇਸ ਟੀਕੇ ਦੀ ਅਜ਼ਮਾਇਸ਼ ਕੀਤੀ ਜਾਣੀ ਚਾਹੀਦੀ ਹੈ।
ਇਸੇ ਤਰ੍ਹਾਂ ਕੋਵਿਡ ਦੀ ਵੈਕਸੀਨ ਬਾਰੇ ਪ੍ਰਸ਼ਾਸਨ ਦੇ ਕੌਮੀ ਮਾਹਿਰਾਂ ਨੇ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪੌਲ ਦੀ ਅਗਵਾਈ ਹੇਠ ਮੀਟਿੰਗ ਕਰਕੇ ਕਰੋਨਾ ਦੀ ਭਵਿੱਖ ’ਚ ਬਣਨ ਵਾਲੀ ਵੈਕਸੀਨ ਦੀ ਵੰਡ ਪ੍ਰਣਾਲੀ ਬਾਰੇ ਵੀ ਚਰਚਾ ਕੀਤੀ ਹੈ।
-ਏਪੀ/ਪੀਟੀਆਈ
ਵੈਕਸੀਨ ਸਬੰਧੀ ਰੂਸ ਦੇ ਸੰਪਰਕ ’ਚ ਹਾਂ: ਡਬਲਯੂਐੱਚਓ
ਜਨੇਵਾ: ਵਿਸ਼ਵ ਸਿਹਤ ਸੰਸਥਾ (ਡਬਲਯੂਐੱਚਓ) ਦਾ ਕਹਿਣਾ ਹੈ ਕਿ ਉਹ ਕੋਵਿਡ-19 ਦੇ ਇਲਾਜ ਲਈ ਦੁਨੀਆਂ ਦੀ ਪਹਿਲੀ ਵੈਕਸੀਨ ਬਣਨ ਦੇ ਮਾਮਲੇ ’ਚ ਰੂਸ ਨਾਲ ਸੰਪਰਕ ’ਚ ਹਨ। ਸ਼ਿਨਹੂਆ ਨਿਊਜ਼ ਏਜੰਸੀ ਅਨੁਸਾਰ ਡਬਲਯੂਐੱਚਓ ਦੇ ਬੁਲਾਰੇ ਤਾਰਿਕ ਜਸਾਰੇਵਿਕ ਨੇ ਪ੍ਰੈੱਸ ਵਾਰਤਾ ਦੌਰਾਨ ਕਿਹਾ, ‘ਅਸੀਂ ਰੂਸੀ ਸਿਹਤ ਮਾਹਿਰਾਂ ਨਾਲ ਸੰਪਰਕ ’ਚ ਹਾਂ ਅਤੇ ਵੈਕਸੀਨ ਦੇ ਸਮੇਂ ਤੋਂ ਪਹਿਲਾਂ ਬਣਨ ਦੇ ਮਾਮਲੇ ’ਚ ਉਨ੍ਹਾਂ ਨਾਲ ਚਰਚਾ ਜਾਰੀ ਹੈ।’ -ਏਪੀ