ਕੰਨਿਆਕੁਮਾਰੀ, 2 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਾਂਗਰਸ ਨੂੰ ਨਿਸ਼ਾਨੇ ’ਤੇ ਲੈਂਦਿਆਂ ਦੋਸ਼ ਲਾਇਆ ਕਿ ਇਹ ਅਜਿਹੀ ਹੰਕਾਰੀ ਹੋਈ ਪਾਰਟੀ ਹੈ ਜੋ ਸਥਾਨਕ ਲੋਕਾਂ ਦੀਆਂ ਸੰਵੇਦਨਾਵਾਂ ਨਹੀਂ ਸਮਝਦੀ। ਪ੍ਰਧਾਨ ਮੰਤਰੀ ਨੇ ਨਾਲ ਹੀ ਇਹ ਦਾਅਵਾ ਵੀ ਕੀਤਾ ਕਿ ਉਨ੍ਹਾਂ ਦੀ ਸਰਕਾਰ ਲੋਕਾਂ ਦੀ ਸੇਵਾ ਕਰਨ ਦੇ ਮਾਮਲੇ ’ਚ ਜਾਤ ਜਾਂ ਧਰਮ ਨਹੀਂ ਦੇਖਦੀ। ਮੋਦੀ ਨੇ ਤਾਮਿਲ ਨਾਡੂ ਦੇ ਕੰਨਿਆਕੁਮਾਰੀ ’ਚ ਚੋਣ ਰੈਲੀ ਦੌਰਾਨ ਕਿਹਾ ਕਿ ਡੀਐੱਮਕੇ ਦੇ ਹਾਲਾਤ ਅਜਿਹੇ ਸਨ ਕਿ ਮਰਹੂਮ ਕਰੁਣਨਿਧੀ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੇ ਸੀਨੀਅਰ ਨੇਤਾ ਪਾਰਟੀ ਦੇ ਨਵੇਂ ਸ਼ਹਿਜ਼ਾਦੇ ਕਾਰਨ ਘੁਟਣ ਮਹਿਯੁਸ ਕਰ ਰਹੇ ਸੀ। ਪ੍ਰਧਾਨ ਮੰਤਰੀ ਨੇ ਕਿਹਾ, ‘ਸਿਆਸਤ ਇਸ ਤਰ੍ਹਾਂ ਨਹੀਂ ਹੁੰਦੀ। ਅੱਜ ਦੇਸ਼ ਦਾ ਮਿਜ਼ਾਜ਼ ਸਪੱਸ਼ਟ ਤੌਰ ’ਤੇ ਭਾਈ-ਭਤੀਜਾਵਾਦ ਅਤੇ ਅਧਿਕਾਰਵਾਦੀ ਦੀ ਸਿਆਸਤ ਦੇ ਖ਼ਿਲਾਫ਼ ਹੈ।’ ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਲੋਕਾਂ ਨੂੰ ਲੋਕਤੰਤਰ ਵਿਰੋਧੀ ਕਹਿਣਾ ਪਸੰਦ ਕਰਦਾ ਹੈ ਪਰ ਉਨ੍ਹਾਂ ਖੁਦ ਸ਼ੀਸ਼ਾ ਦੇਖਣਾ ਚਾਹੀਦਾ ਹੈ। -ਏਜੰਸੀ