ਨਵੀਂ ਦਿੱਲੀ, 24 ਜੁਲਾਈ
ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵੋਡਾਫੋਨ ਆਇਡੀਆ ਅਤੇ ਭਾਰਤੀ ਏਅਰਟੈੱਲ ਸਣੇ ਟੈਲੀਕਾਮ ਕੰਪਨੀਆਂ ’ਤੇ ਬਕਾਇਆ ਵਿਵਸਥਤ ਕੁੱਲ ਮਾਲੀਆ (ਏਜੀਆਰ) ਭਵਿੱਖ ਵਿਚ ਕਿਸੇ ਵੀ ਮੁਕੱਦਮੇ ਦਾ ਵਿਸ਼ਾ ਨਹੀਂ ਹੋ ਸਕਦਾ ਹੈ।
ਜਸਟਿਸ ਨਾਗੇਸ਼ਵਰ ਰਾਓ ਦੀ ਪ੍ਰਧਾਨਗੀ ਵਾਲੇ ਬੈਂਚ ਨੇ ਏਜੀਆਰ ਦੀ ਗਣਨਾ ਵਿਚ ਕਥਿਤ ਤਰੁੱਟੀਆਂ ਨੂੰ ਦੂਰ ਕਰਨ ਦੀ ਮੰਗ ਨਾਲ ਸਬੰਧਤ ਟੈਲੀਕਾਮ ਕੰਪਨੀਆਂ ਦੀ ਪਟੀਸ਼ਨ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ। ਸੁਪਰੀਮ ਕੋਰਟ ਨੇ ਕਿਹਾ ਕਿ ਏਜੀਆਰ ਨਾਲ ਸਬੰਧਤ ਵਿਵਾਦ ਕਾਫੀ ਲੰਬੇ ਸਮੇਂ ਤੋਂ ਅਦਾਲਤਾਂ ਵਿਚ ਪੈਂਡਿੰਗ ਰਿਹਾ ਹੈ ਅਤੇ ਟੈਲੀਕਾਮ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ’ਤੇ ਬਕਾਇਆ ਰਾਸ਼ੀ ਨੂੰ ਲੈ ਕੇ ਅੱਗੇ ਕਿਸੇ ਵੀ ਮੁਕੱਦਮੇ ’ਤੇ ਵਿਚਾਰ ਨਹੀਂ ਕੀਤਾ ਜਾਵੇਗਾ। ਫੈਸਲੇ ਵਿਚ ਕਿਹਾ ਗਿਆ ਕਿ ਟੈਲੀਕਾਮ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ’ਤੇ ਬਕਾਇਆ ਏਜੀਆਰ ਰਾਸ਼ੀ ਵਿਚ ਬਦਲਾਅ ਕਰਨ ਨਾਲ ਸਬੰਧਤ ਕਿਸੇ ਵੀ ਪਟੀਸ਼ਨ ਨੂੰ ਮਨਜ਼ੂਰੀ ਦੇਣ ਨਾਲ ਸਬੰਧਤ ਸੁਪਰੀਮ ਕੋਰਟ ਦੇ ਪਹਿਲੀ ਸਤੰਬਰ 2020 ਦੇ ਪਿਛਲੇ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਨੂੰ ਲੈ ਕੇ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਹੈ। ਟੈਲੀਕਾਮ ਕੰਪਨੀਆਂ ਨੇ ਆਪਣੀ ਪਟੀਸ਼ਨ ਵਿਚ ਏਜੀਆਰ ਦੀ ਮੁੜ ਗਣਨਾ ਦੀ ਮੰਗ ਕਰਦੇ ਹੋਏ ਕਿਹਾ ਸੀ ਕਿ ਗਣਨਾ ਵਿਚ ਹਿਸਾਬ ਸਬੰਧੀ ਤਰੁੱਟੀਆਂ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਗਣਨਾ ਵਿਚ ਐਂਟਰੀਆਂ ਨੂੰ ਦੋਹਰਾਇਆ ਵੀ ਗਿਆ ਹੈ। -ਪੀਟੀਆਈ