ਨਵੀਂ ਦਿੱਲੀ, 17 ਫਰਵਰੀ
ਤੇਲ ਦੀਆਂ ਕੀਮਤਾਂ ਵਿੱਚ ਲਗਾਤਾਰ ਨੌਵੇਂ ਦਿਨ ਤੇਜ਼ੀ ਮਗਰੋਂ ਬੁੱਧਵਾਰ ਨੂੰ ਪੈਟਰੋਲ 100 ਰੁਪਏ ਤੋਂ ਪਾਰ ਹੋ ਗਿਆ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜੇ ਪਿਛਲੀਆਂ ਸਰਕਾਰਾਂ ਨੇ ਭਾਰਤ ਦੀ ਊਰਜਾ ਦਰਾਮਦਗੀ ’ਤੇ ਨਿਰਭਰਤਾ ਘਟਾਈ ਹੁੰਦੀ ਤਾਂ ਮੱਧ ਵਰਗ ਨੂੰ ਅਜਿਹੀ ਮੁਸ਼ਕਲ ਨਾ ਆਉਂਦੀ। ਬੇਲਗਾਮ ਵਧ ਰਹੀਆਂ ਪ੍ਰਚੂਨ ਤੇਲ ਕੀਮਤਾਂ ਦਾ ਜ਼ਿਕਰ ਕੀਤੇ ਬਿਨਾਂ ਉਨ੍ਹਾਂ ਕਿਹਾ ਕਿ ਭਾਰਤ ਨੇ 2019-20 ਵਿੱਤੀ ਵਰ੍ਹੇ ਦੌਰਾਨ ਆਪਣੀਆਂ ਘਰੇਲੂ ਲੋੜਾਂ ਪੂਰੀਆਂ ਕਰਨ ਲਈ 85 ਫ਼ੀਸਦੀ ਤੋਂ ਵੱਧ ਤੇਲ ਅਤੇ 53 ਫ਼ੀਸਦੀ ਗੈਸ ਦਰਾਮਦ ਕੀਤੀ ਹੈ। ਤਾਮਿਲਨਾਡੂ ਵਿੱਚ ਤੇਲ ਅਤੇ ਗੈਸ ਪ੍ਰਾਜੈਕਟ ਦੇ ਉਦਘਾਟਨ ਸਮਾਰੋਹ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘‘ਕੀ ਅਸੀਂ ਦਰਾਮਦ ’ਤੇ ਏਨਾ ਨਿਰਭਰ ਰਹਿ ਸਕਦੇ ਹਾਂ? ਮੈਂ ਕਿਸੇ ਦੀ ਆਲੋਚਨਾ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਅਸੀਂ ਪਹਿਲਾਂ ਇਸ ਮਸਲੇ ’ਤੇ ਧਿਆਨ ਦਿੱਤਾ ਹੁੰਦਾ ਤਾਂ ਸਾਡੇ ਮੱਧ ਵਰਗ ਨੂੰ ਬੋਝ ਨਾ ਚੁੱਕਣਾ ਪੈਂਦਾ।’’ ਦੇਸ਼ ਵਿੱਚ ਪੈਟਰੋਲ ਦੀ ਕੀਮਤ ਅੱਜ ਪਹਿਲੀ ਵਾਰ 100 ਰੁਪਏ ਤੋਂ ਪਾਰ ਚਲੀ ਗਈ ਹੈ। ਰਾਜਸਥਾਨ ਵਿੱਚ ਪੈਟਰੋਲ ਨੇ ਸੈਂਕੜਾ ਪੂਰਾ ਕਰ ਲਿਆ ਹੈ, ਜਦਕਿ ਮੱਧ ਪ੍ਰਦੇਸ਼ ਵਿੱਚ ਇਹ ਸੈਂਕੜਾ ਮਾਰਨ ਦੇ ਨੇੜੇ ਹੈ। ਯਾਦ ਰਹੇ ਕਿ ਦੇਸ਼ ਵਿੱਚ ਤੇਲ ਦੀਆਂ ਕੀਮਤਾਂ ਕੌਮਾਂਤਰੀ ਦਰਾਂ ’ਤੇ ਨਿਰਭਰ ਰਹਿੰਦੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਸ ਦੀ ਸਰਕਾਰ ਮੱਧ ਵਰਗ ਦੀਆਂ ਮੁਸ਼ਕਲਾਂ ਪ੍ਰਤੀ ਸੰਵੇਦਨਸ਼ੀਲ ਹੈ ਅਤੇ ਭਾਰਤ ਹੁਣ ਕਿਸਾਨਾਂ ਅਤੇ ਖ਼ਪਤਕਾਰਾਂ ਦੀ ਮਦਦ ਕਰਨ ਲਈ ਇਥਨੌਲ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ।
ਕਾਂਗਰਸ ਵੱਲੋਂ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ‘ਮੋਦੀ ਟੈਕਸ’ ਕਰਾਰ
ਨਵੀਂ ਦਿੱਲੀ: ਕਾਂਗਰਸ ਦੇ ਤਰਜਮਾਨ ਰਣਦੀਪ ਸਿੰਘ ਸੁੁਰਜੇਵਾਲਾ ਨੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ‘ਮੋਦੀ ਟੈਕਸ’ ਕਰਾਰ ਦਿੰਦਆਂ ਕੇਂਦਰ ਦੀ ਮੋਦੀ ਸਰਕਾਰ ਤੋਂ ਤੇਲ ਕੀਮਤਾਂ ਰਾਹੀਂ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਰੋਕਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ‘ਤੇਲ ਲੁੱਟ’ ਰਾਹੀਂ ਵਿੱਤੀ ਸਾਲ 2021 ਵਿੱਚ ਹੀ 20,000 ਕਰੋੜ ਰੁਪਏ ਵਸੂਲਣਾ ਚਾਹੁੰਦੀ ਹੈ। -ਏਜੰਸੀ