ਨਵੀਂ ਦਿੱਲੀ, 20 ਅਕਤੂਬਰ
ਕੌਮੀ ਆਫ਼ਤ ਰਿਸਪਾਂਸ ਫੋਰਸ (ਐੱਨਡੀਆਰਐੱਫ) ਨੇ ਉਤਰਾਖੰਡ ਦੇ ਹੜ੍ਹ ਪ੍ਰਭਾਵਿਤ ਖੇਤਰਾਂ ’ਚੋਂ 300 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ ਹੈ ਅਤੇ ਬਚਾਅ ਟੀਮਾਂ ਦੀ ਗਿਣਤੀ 15 ਤੋਂ 17 ਕਰ ਦਿੱਤੀ ਗਈ ਹੈ। ਇਸ ਦੌਰਾਨ ਪਹਾੜੀ ਸੂਬੇ ਵਿੱਚੋਂ ਅੱਜ ਛੇ ਲਾਸ਼ਾਂ ਹੋਰ ਬਰਾਮਦ ਕੀਤੀਆਂ ਗਈਆਂ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 52 ਹੋ ਗਈ ਹੈ। ਇਸ ਦੌਰਾਨ ਦਲਾਈਲਾਮਾ ਨੇ ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਪੱਤਰ ਲਿਖ ਕੇ ਹੜ੍ਹ ਕਾਰਨ ਹੋਈਆਂ ਮੌਤਾਂ ’ਤੇ ਚਿੰਤਾ ਪ੍ਰਗਟ ਕੀਤੀ ਹਰਿਆਣਾ, ਹਿਮਾਚਲ ਦੇ ਮੁੱਖ ਮੰਤਰੀਆਂ ਨੇ ਵੀ ਧਾਮੀ ਨੂੰ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ। ਭਾਰੀ ਮੀਂਹ ਕਾਰਨ ਪਹਾੜੀ ਸੂਬੇ ਦਾ ਕਮਾਓਂ ਖੇਤਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਐੱਨਡੀਆਰਐੱਫ ਦੇ ਬੁਲਾਰੇ ਨੇ ਕਿਹਾ ਕਿ ਭਾਰੀ ਮੀਂਹ ਕਾਰਨ ਅਜਿਹੀ ਸਥਿਤੀ ਹੀ ਪੱਛਮੀ ਬੰਗਾਲ, ਉਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ, ਸੀਤਾਪੁਰ, ਵਾਰਾਣਸੀ, ਗੋਰਖਪੁਰ ਤੇ ਬਹਿਰਾਈਚ ਅਤੇ ਕੇਰਲਾ ਵਿੱਚ ਬਣੀ ਹੋਈ ਹੈ। ਇਸੇ ਦੌਰਾਨ ਇੱਕ ਉੱਚ ਪੱਧਰੀ ਅੰਤਰ-ਮੰਤਰਾਲਾ ਕੇਂਦਰੀ ਟੀਮ ਨੇ ਇਸ ਸਾਲ ਹੜ੍ਹਾਂ ਤੇ ਢਿੱਗਾਂ ਡਿੱਗਣ ਕਾਰਨ ਅਸਾਮ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦਾ ਦੌਰਾ ਕੀਤਾ। ਓਧਰ ਪੱਛਮੀ ਬੰਗਾਲ ਅਤੇ ਸਿੱਕਿਮ ਵਿੱਚ ਭਾਰੀ ਮੀਂਹ ਕਾਰਨ ਢਿੱਗਾਂ ਡਿੱਗਣ ਦੀਆਂ ਕਈਆਂ ਘਟਨਾਵਾਂ ਵਿੱਚ ਪੁਲ ਟੁੱਟ ਗਏ, ਰਾਜਮਾਰਗ ਵਹਿ ਗਏ ਅਤੇ ਨੈਸ਼ਨਲ ਹਾਈਵੇਅ 10 ’ਤੇ ਢਿੱਗਾਂ ਡਿੱਗਣ ਕਾਰਨ ਸੜਕੀ ਸੰਪਰਕ ਟੁੱਟ ਗਿਆ। -ਪੀਟੀਆਈ
ਉਤਰਾਖੰਡ ਵਿੱਚ ਸਥਿਤੀ ਗੰਭੀਰ: ਰਾਹੁਲ
ਨਵੀਂ ਦਿੱਲੀ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਉਤਰਾਖੰਡ ਦੇ ਹੜ੍ਹ ਪੀੜਤਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਲੋਕਾਂ ਨੂੰ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਕਿਉਂਕਿ ਸੂਬੇ ਵਿੱਚ ਸਥਿਤੀ ਹਾਲੇ ਵੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਾਂਗਰਸੀ ਕਾਰਕੁਨਾਂ ਨੂੰ ਹੜ੍ਹ ਪ੍ਰਭਾਵਿਤ ਸੂਬੇ ਵਿੱਚ ਰਾਹਤ ਕਾਰਜਾਂ ਵਿੱਚ ਹਰ ਸੰਭਵ ਮਦਦ ਕਰਨ ਲਈ ਵੀ ਕਿਹਾ। -ਪੀਟੀਆਈ
ਚਿਤਕੁਲ ’ਚ 11 ਟਰੈਕਰ ਲਾਪਤਾ
ਉਤਰਕਾਸ਼ੀ: ਉਤਰਾਖੰਡ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਟਰੈਕਿੰਗ ਲਈ ਗਏ 11 ਲੋਕ ਲਾਪਤਾ ਹਨ। ਇਨ੍ਹਾਂ ਵਿੱਚ ਅੱਠ ਟਰੈਕਰ ਅਤੇ ਤਿੰਨ ਰਸੋਈਏ ਸ਼ਾਮਲ ਹਨ। ਜ਼ਿਲ੍ਹਾ ਆਫ਼ਤ ਪ੍ਰਬੰਧਨ ਅਫਸਰ ਦੇਵੇਂਦਰ ਪਟਵਾਲ ਨੇ ਕਿਹਾ ਕਿ 11 ਜਣਿਆਂ ਦੀ ਟੀਮ ਉਤਰਾਖੰਡ ਦੇ ਜ਼ਿਲ੍ਹੇ ਉਤਰਕਾਸ਼ੀ ਵਿੱਚ ਹਰਸਿਲ ਰਾਹੀਂ ਚਿਤਕੁਲ ਵਿੱਚ ਟਰੈਕਿੰਗ ਲਈ ਗਈ ਸੀ। -ਪੀਟੀਆਈ