ਹੈਦਰਾਬਾਦ, 28 ਜੁਲਾਈ
ਅਯੁੱਧਿਆ ’ਚ ਪੰਜ ਅਗਸਤ ਨੂੰ ਰਾਮ ਮੰਦਰ ਦੇ ਭੂਮੀ ਪੂਜਾ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੰਭਾਵੀ ਸ਼ਮੂਲੀਅਤ ਦਾ ਏਆਈਐੱਮਆਈਐੱਮ ਦੇ ਮੁਖੀ ਅਸਦੂਦੀਨ ਓਵੈਸੀ ਨੇ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਅਜਿਹਾ ਕਰਨਾ ਪ੍ਰਧਾਨ ਮੰਤਰੀ ਵੱਲੋਂ ਚੁੱਕੀ ਗਈ ਸੰਵਿਧਾਨ ਦੀ ਸਹੁੰ ਦੀ ਉਲੰਘਣਾ ਕਰਨ ਵਰਗਾ ਹੋਵੇਗਾ। ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਨੇ ਲੋਕਾਂ ਨੂੰ ਪੰਜ ਅਗਸਤ ਵਾਲੇ ਦਿਨ ਉਤਸਵ ਮਨਾਉਣ ਦਾ ਸੱਦਾ ਦਿੱਤਾ ਹੈ।
ਓਵੈਸੀ ਨੇ ਟਵੀਟ ਕੀਤਾ, ‘ਅਧਿਕਾਰਤ ਅਹੁਦੇ ’ਤੇ ਰਹਿੰਦਿਆਂ ਭੂਮੀ ਪੂਜਾ ’ਚ ਸ਼ਾਮਲ ਹੋਣਾ ਪ੍ਰਧਾਨ ਮਤਰੀ ਦੀ ਸੰਵਿਧਾਨਕ ਸਹੁੰ ਦੀ ਉਲੰਘਣਾ ਹੋਵੇਗੀ। ਧਰਮ ਨਿਰਪੱਖਤਾ ਸੰਵਿਧਾਨ ਦੀ ਮੂਲ ਸੰਰਚਨਾ ਦਾ ਹਿੱਸਾ ਹੈ।’ ਦੂਜੇ ਪਾਸੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕੌਮਾਂਤਰੀ ਸੰਯੁਕਤ ਜਨਰਲ ਸਕੱਤਰ ਸੁਰੇਂਦਰ ਜੈਨ ਨੇ ਫੇਸਬੁੱਕ ’ਤੇ ਲਾਈਵ ਹੋ ਕੇ ਕਿਹਾ, ‘ਪੰਜ ਅਗਸਤ ਨੂੰ ਭੂਮੀ ਪੂਜਨ ਹੋਵੇਗਾ ਜਿਸ ’ਚ ਪ੍ਰਧਾਨ ਮੰਤਰੀ ਸ਼ਾਮਲ ਹੋਣਗੇ।’ ਉਨ੍ਹਾਂ ਕਿਹਾ ਕਿ ਇਸ ਦਿਨ ਲੋਕਾਂ ਨੂੰ ਹਰ ਘਰ ’ਚ ਦੀਵੇ ਬਾਲ ਕੇ ਦੀਵਾਲੀ ਵਰਗਾ ਤਿਓਹਾਰ ਮਨਾਉਣਾ ਚਾਹੀਦਾ ਹੈ।
-ਪੀਟੀਆਈ
ਨਿਊਜ਼ ਚੈਨਲਾਂ ਲਈ ਹਦਾਇਤਾਂ ਜਾਰੀ
ਅਯੁੱਧਿਆ: ਅਯੁੱਧਿਆ ਪ੍ਰਸ਼ਾਸਨ ਨੇ ਨਿਊਜ਼ ਚੈਨਲਾਂ ਨੂੰ ਹਦਾਇਤ ਕੀਤੀ ਹੈ ਕਿ 5 ਅਗਸਤ ਨੂੰ ਹੋਣ ਵਾਲੇ ਰਾਮ ਮੰਦਰ ਦੇ ਭੂਮੀ ਪੂਜਨ ਸਮਾਗਮ ਦੇ ਸਿੱਧੇ ਪ੍ਰਸਾਰਨ ਦੌਰਾਨ ਹੋਣ ਵਾਲੀ ਚਰਚਾ ’ਚ ਅਯੁੱਧਿਆ ਜ਼ਮੀਨੀ ਵਿਵਾਦ ਕੇਸ ਦਾ ਕੋਈ ਜ਼ਿਕਰ ਨਹੀਂ ਹੋਣਾ ਚਾਹੀਦਾ ਅਤੇ ਅਜਿਹਾ ਕੋਈ ਪ੍ਰੋਗਰਾਮ ਕਰਵਾਉਣ ਤੋਂ ਪਹਿਲਾਂ ਪ੍ਰਸ਼ਾਸਨ ਤੋਂ ਪ੍ਰਵਾਨਗੀ ਲੈਣੀ ਪਵੇਗੀ।
-ਪੀਟੀਆਈ
ਬਾਬਰੀ ਮਸਜਿਦ ਕੇਸ: ਬਿਆਨ ਦਰਜ ਕਰਨ ਦੀ ਪ੍ਰਕਿਰਿਆ ਮੁਕੰਮਲ
ਲਖ਼ਨਊ, 28 ਜੁਲਾਈ
ਬਾਬਰੀ ਮਸਜਿਦ ਕੇਸ ਵਿਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਮੁਲਜ਼ਮਾਂ ਦੇ ਬਿਆਨ ਦਰਜ ਕਰਨ ਦੀ ਪ੍ਰਕਿਰਿਆ ਮੁਕੰਮਲ ਕਰ ਲਈ। ਵਿਸ਼ੇਸ਼ ਜੱਜ ਐੱਸ.ਕੇ. ਯਾਦਵ ਅੱਗੇ ਥਾਣੇ, ਮਹਾਰਾਸ਼ਟਰ ਤੋਂ ਸ਼ਿਵ ਸੈਨਾ ਦੇ ਸਾਬਕਾ ਸੰਸਦ ਮੈਂਬਰ ਸਤੀਸ਼ ਪ੍ਰਧਾਨ ਵੀਡੀਓ ਕਾਨਫਰੰਸ ਰਾਹੀਂ ਪੇਸ਼ ਹੋਏ। ਪ੍ਰਧਾਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਇਸ ਕੇਸ ਵਿਚ ਸਿਆਸੀ ਫਾਇਦੇ ਲਈ ਝੂਠਾ ਫਸਾਇਆ ਗਿਆ ਹੈ। ਸਾਬਕਾ ਸੰਸਦ ਮੈਂਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦਾ ਕੋਈ ਕਸੂਰ ਨਹੀਂ ਹੈ। ਇਸ ਕੇਸ ਵਿਚ 32 ਜਣੇ ਮੁਲਜ਼ਮ ਹਨ। ਆਖ਼ਰੀ ਮੁਲਜ਼ਮ ਓਮ ਪ੍ਰਕਾਸ਼ ਪਾਂਡੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਸ ਦੇ ਪਰਿਵਾਰ ਮੁਤਾਬਕ ਉਹ 15-16 ਸਾਲ ਪਹਿਲਾਂ ਘਰ ਛੱਡ ਗਿਆ ਸੀ ਤੇ ਵਾਪਸ ਨਹੀਂ ਆਇਆ। ਅਦਾਲਤ ਨੇ ਕਾਰਵਾਈ ਸੀਆਰਪੀਸੀ ਦੀ ਧਾਰਾ 313 ਤਹਿਤ ਮੁਕੰਮਲ ਕੀਤੀ ਹੈ।
-ਪੀਟੀਆਈ