ਨਵੀਂ ਦਿੱਲੀ, 6 ਮਈ
ਮੁੱਖ ਅੰਸ਼
- ਸੁਪਰੀਮ ਕੋਰਟ, ਹਾਈ ਕੋਰਟ ਤੇ ਕੇਂਦਰ ਸਰਕਾਰ ਦਾ ਕੀਤਾ ਧੰਨਵਾਦ
- ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਸਪਲਾਈ ’ਚ ਅੱਗੋਂ ਕਟੌਤੀ ਨਾ ਕਰਨ ਦੀ ਅਪੀਲ
ਕੌਮੀ ਰਾਜਧਾਨੀ ਨੂੰ ਲੰਘੇ ਦਿਨ (5 ਮਈ) 730 ਮੀਟਰਿਕ ਟਨ ਆਕਸੀਜਨ ਮਿਲਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੱਤਰ ਲਿਖ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ ਹੈ। ਕੇਜਰੀਵਾਲ ਨੇ ਸੁਪਰੀਮ ਕੋਰਟ ਤੇ ਹਾਈ ਕੋਰਟ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਪੇਸ਼ਕਦਮੀ ਨਾਲ ਕਈ ਜ਼ਿੰਦਗੀਆਂ ਬਚਣਗੀਆਂ। ਕੇਜਰੀਵਾਲ ਨੇ ਹਿੰਦੀ ਵਿੱਚ ਲਿਖੇ ਪੱਤਰ ਵਿੱਚ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਕੌਮੀ ਰਾਜਧਾਨੀ ਨੂੰ 700 ਮੀਟਰਕ ਟਨ ਤੋਂ ਵੱਧ ਜੀਵਨ ਰੱਖਿਅਕ ਗੈਸ ਮਿਲੀ ਹੈ। ਮੁੱਖ ਮੰਤਰੀ ਨੇ ਕਿਹਾ, ‘ਦਿੱਲੀ ਵਿੱਚ ਰੋਜ਼ਾਨਾ 700 ਮੀਟਰਿਕ ਟਨ ਆਕਸੀਜਨ ਦੀ ਖਪਤ ਹੁੰਦੀ ਹੈ। ਅਸੀਂ ਕੇਂਦਰ ਸਰਕਾਰ ਨੂੰ 700 ਮੀਟਰਿਕ ਟਨ ਆਕਸੀਜਨ ਲਈ ਨਿਯਮਤ ਆਧਾਰ ’ਤੇ ਬੇਨਤੀ ਕਰ ਰਹੇ ਸੀ। ਦਿੱਲੀ ਨੂੰ ਲੰਘੇ ਦਿਨ ਪਹਿਲੀ ਵਾਰ 730 ਮੀਟਰਿਕ ਟਨ ਆਕਸੀਜਨ ਮਿਲੀ ਹੈ।’ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਮੁਖਾਤਬਿ ਹੁੰਦਿਆਂ ਕਿਹਾ, ‘ਮੈਂ ਦਿਲ ਦੀਆਂ ਗਹਿਰਾਈਆਂ ’ਚੋਂ ਦਿੱਲੀ ਵਾਸੀਆਂ ਵੱਲੋਂ ਤੁਹਾਡਾ ਧੰਨਵਾਦ ਕਰਦਾ ਹਾਂ। ਮੈਂ ਆਪ ਨੂੰ ਅਪੀਲ ਕਰਦਾ ਹਾਂ ਕਿ ਦਿੱਲੀ ਨੂੰ ਘੱਟੋ-ਘੱਟ ਇੰਨੀ ਆਕਸੀਜਨ ਨਿਯਮਤ ਆਧਾਰ ’ਤੇ ਦਿੱਤੀ ਜਾਵੇ।’ -ਪੀਟੀਆਈ