ਨਵੀਂ ਦਿੱਲੀ, 9 ਅਗਸਤ
ਸੁਪਰੀਮ ਕੋਰਟ ਨੇ ਕੌਮੀ ਟਾਸਕ ਫੋਰਸ (ਐੱਨਟੀਐੱਫ) ਵੱਲੋਂ ਕਰੋਨਾ ਮਹਾਮਾਰੀ ਦਰਮਿਆਨ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਆਕਸੀਜਨ ਦੀ ਅਲਾਟਮੈਂਟ ਸਬੰਧੀ ਦਿੱਤੇ ਸੁਝਾਵਾਂ ਨੂੰ ਅਮਲੀ ਵਿੱਚ ਰੂਪ ਲਾਗੂ ਕਰਨ ਸਬੰਧੀ ਰਿਪੋਰਟ ਕੇਂਦਰ ਸਰਕਾਰ ਤੋਂ ਦੋ ਹਫ਼ਤਿਆਂ ਵਿੱਚ ਤਲਬ ਕਰ ਲਈ ਹੈ। ਕੌਮੀ ਟਾਸਕ ਫੋਰਸ ਸਿਖਰਲੀ ਅਦਾਲਤ ਵੱਲੋਂ ਹੀ ਗਠਿਤ ਕੀਤੀ ਗਈ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਕਿਉਂ ਜੋ ਐੱਨਟੀਐੱਫ ਵਿੱਚ ਦੇਸ਼ ਭਰ ਦੇ ਸੀਨੀਅਰ ਡਾਕਟਰ ਤੇ ਹੋਰ ਮਾਹਿਰ ਸ਼ਾਮਲ ਹਨ, ਲਿਹਾਜ਼ਾ ਇਹ ਕੇਂਦਰ ਸਰਕਾਰ ਦਾ ਅਧਿਕਾਰ ਖੇਤਰ ਹੈ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਏ ਕਿ ਮੌਜੂਦਾ ਤੇ ਭਵਿੱਖੀ ਲੋੜਾਂ ਨੂੰ ਪੂਰਾ ਕਰਨ ਲਈ ਟਾਸਕ ਫੋਰਸ ਵੱਲੋਂ ਕੀਤੀਆਂ ਸਿਫਾਰਸ਼ਾਂ ਪਾਲਿਸੀ ਪੱਧਰ ’ਤੇ ਲਾਗੂ ਕੀਤੀਆਂ ਜਾਣ। ਜਸਟਿਸ ਡੀ.ਵਾਈ.ਚੰਦਰਚੂੜ ਤੇ ਐੱਮ.ਆਰ.ਸ਼ਾਹ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਸੁਣਵਾਈ ਦੋ ਹਫ਼ਤਿਆਂ ਮਗਰੋਂ ਨਿਰਧਾਰਿਤ ਕਰਦਿਆਂ ਇਸ ਕੇਸ ਨੂੰ ਕੋਵਿਡ ਤਿਆਰੀਆਂ ਬਾਰੇ ਕੇਸ ਦੇ ਨਾਲ ਹੀ ਸੂਚੀਬੱਧ ਕਰ ਦਿੱਤਾ ਹੈ। -ਪੀਟੀਆਈ