ਪੱਤਰ ਪ੍ਰੇਰਕ
ਭੁੱਚੋ ਮੰਡੀ, 6 ਨਵੰਬਰ
ਲਿਫ਼ਟਿੰਗ ਨਾ ਹੋਣ ਕਾਰਨ ਖਰੀਦ ਕੇਂਦਰਾਂ ’ਤੇ ਝੋਨੇ ਦੇ ਗੱਟਿਆਂ ਦੇ ਅੰਬਾਰ ਲੱਗ ਗਏ ਹਨ। ਮੰਡੀਆਂ ਵਿੱਚ ਨਵੀਂ ਫਸਲ ਲਾਹੁਣ ਲਈ ਜਗ੍ਹਾ ਨਾ ਹੋਣ ਕਾਰਨ ਝੋਨੇ ਦੀ ਕਟਾਈ ਵੀ ਪ੍ਰਭਾਵਿਤ ਹੋ ਰਹੀ ਹੈ। ਕਿਸਾਨਾਂ ਨੂੰ ਆਪਣੀ ਫਸਲ ਦੀ ਕਟਾਈ ਰੋਕਣੀ ਪਈ ਹੈ। ਇਸ ਕਾਰਨ ਕਿਸਾਨ ਅਤੇ ਆੜ੍ਹਤੀ ਬੇਹੱਦ ਪ੍ਰੇਸ਼ਾਨ ਹਨ। ਪਿੰਡ ਤੁੰਗਵਾਲੀ, ਲਹਿਰਾ ਮੁਹੱਬਤ, ਚੱਕ ਫ਼ਤਿਹ ਸਿੰਘ ਵਾਲਾ, ਚੱਕ ਬਖਤੂ ਅਤੇ ਭੁੱਚੋ ਦੀਆਂ ਅਨਾਜ ਮੰਡੀਆਂ (ਨਵੀਂ ਤੇ ਪੁਰਾਣੀ) ਨੱਕੋਨੱਕ ਭਰੀਆਂ ਪਈਆਂ ਹਨ। ਇਸ ਕਾਰਨ ਲਿਫਟਿੰਗ ਦੀ ਸਮੱਸਿਆ ਦਿਨ ਬ ਦਿਨ ਬਦਤਰ ਹੋ ਰਹੀ ਹੈ। ਇਸ ਵਾਰ ਪਿਛਲੇ ਸਾਲ ਦੇ ਮੁਕਾਬਲੇ ਮੰਡੀਆਂ ਵਿੱਚ 30 ਫੀਸਦ (23803 ਟਨ) ਫਸਲ ਘੱਟ ਆਈ ਹੈ। ਇਸ ਦੇ ਬਾਵਜੂਦ ਲਿਫ਼ਟਿੰਗ ਦੀ ਸਮੱਸਿਆ ਨੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਬਿਪਤਾ ਪਾਈ ਹੋਈ ਹੈ। ਆੜ੍ਹਤੀ ਬਿਰਜੇਸ਼ ਮਹੇਸ਼ਵਰੀ ਅਤੇ ਪਵਨ ਸਿੰਗਲਾ ਨੇ ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਸਮੱਸਿਆ ਵੱਲ ਫੌਰੀ ਧਿਆਨ ਦੇਣ ਦੀ ਮੰਗ ਕੀਤੀ ਹੈ।