ਜੰਮੂ, 7 ਅਗਸਤ
ਪਾਕਿਸਤਾਨੀ ਫੌਜ ਨੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਸਥਿਤ ਇਲਾਕਿਆਂ ’ਤੇ ਸ਼ੁੱਕਰਵਾਰ ਨੂੰ ਗੋਲਾਬਾਰੀ ਕੀਤੀ। ਭਾਰਤ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਰੱਖਿਆ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨੀ ਫੌਜ ਨੇ ਲਗਾਤਾਰ ਚੌਥੇ ਦਿਨ ਕੰਟਰੋਲ ਰੇਖਾ ’ਤੇ ਗੋਲੀਬੰਦੀ ਦੀ ਉਲੰਘਣਾ ਕੀਤੀ ਹੈ। ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਫੌਜ ਨੇ ਸਵੇਰੇ ਸਾਢੇ 6 ਵਜੇ ਪੁਣਛ ਜ਼ਿਲ੍ਹੇ ਦੇ ਬਾਲਾਕੋਟੇ ਵਿੱਚ ਬਿਨਾਂ ਕਿਸੇ ਉਕਸਾਵੇ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਅਤੇ ਮੋਰਟਾਰ ਦਾਗੇ। ਉਨ੍ਹਾਂ ਦੱਸਿਆ ਕਿ ਭਾਰਤੀ ਫੌਜ ਨੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ। ਪਾਕਿਸਤਾਨੀ ਫੌਜ ਨੇ ਬੀਤੇ ਤਿੰਨ ਦਿਨਾਂ ਵਿੱਚ ਕਸਬਾ, ਕ੍ਰਿਸ਼ਨਾਘਾਟੀ, ਬਾਲਾਕੋਟੇ, ਮਨਕੋਟ, ਮੇਂਢਰ, ਕਿਰਨੀ, ਪੁਣਛ ਜ਼ਿਲੇ ਦੇ ਸੈਕਟਰਾਂ ਅਤੇ ਰਾਜੌਰੀ ਜ਼ਿਲ੍ਹੇ ਵਿੱਚ ਸੁੰਦਰਬਾਨੀ ਸੈਕਟਰ ਵਿੱਚ ਕੰਟਰੋਲ ਰੇਖਾ ’ਤੇ ਆਗਾਮੀ ਇਲਾਕਿਆਂ ’ਤੇ ਗੋਲਾਬਾਰੀ ਕੀਤੀ।