ਇਸਲਾਮਾਬਾਦ, 4 ਅਗਸਤ
ਇਸਲਾਮਾਬਾਦ ਹਾਈ ਕੋਰਟ ਨੇ ਕੁਲਭੂਸ਼ਨ ਜਾਧਵ ਕੇਸ ਵਿੱਚ ਤਿੰਨ ਸੀਨੀਅਰ ਵਕੀਲਾਂ ਨੂੰ ‘ਅਦਾਲਤੀ ਮਿੱਤਰ’ ਵਜੋਂ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਕੋਰਟ ਨੇ ਇਸ ਕੇਸ ਲਈ ਵੱਡਾ ਬੈਂਚ ਸਥਾਪਤ ਕਰਨ ਦੀ ਵੀ ਤਾਕੀਦ ਕੀਤੀ ਹੈ। ਹਾਈ ਕੋਰਟ ਨੇ ਰਜਿਸਟਰਾਰ ਨੂੰ ਕੇਸ ਦੀ ਅਗਲੀ ਸੁਣਵਾਈ 3 ਸਤੰਬਰ ਨੂੰ ਵਡੇਰੇ ਬੈਂਚ ਅੱਗੇ ਦੁਪਹਿਰ ਬਾਅਦ ਦੋ ਵਜੇ ਨਿਰਧਾਰਿਤ ਕਰਨ ਲਈ ਕਿਹਾ ਹੈ। ਚੇਤੇ ਰਹੇ ਕਿ ਹਾਈ ਕੋਰਟ ਨੇ ਲੰਘੇ ਦਿਨ ਮੌਤ ਦੀ ਸਜ਼ਾਯਾਫ਼ਤਾ ਜਾਧਵ ਲਈ ਇਕ ਵਕੀਲ ਨਿਯੁਕਤ ਕੀਤੇ ਜਾਣ ਸਬੰਧੀ ਭਾਰਤ ਨੂੰ ‘ਇਕ ਹੋਰ ਮੌਕਾ’ ਦੇਣ ਲਈ ਆਖਿਆ ਸੀ। ਭਾਰਤੀ ਜਲ ਸੈਨਾ ਦੇ ਸਾਬਕਾ ਅਧਿਕਾਰੀ ਜਾਧਵ (50) ਨੂੰ ਪਾਕਿਸਤਾਨ ਦੀ ਫੌਜੀ ਅਦਾਲਤ ਨੇ ਜਾਸੂਸੀ ਤੇ ਅਤਿਵਾਦ ਦੇ ਦੋਸ਼ ਵਿੱਚ ਅਪਰੈਲ 2017 ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਭਾਰਤ ਨੇ ਕੌਮਾਂਤਰੀ ਨਿਆਂ ਅਦਾਲਤ ਦਾ ਰੁਖ਼ ਕਰਦਿਆਂ ਜਿੱਥੇ ਮੌਤ ਦੀ ਸਜ਼ਾ ਨੂੰ ਚੁਣੌਤੀ ਦਿੱਤੀ, ਉਥੇ ਜਾਧਵ ਤਕ ਸਫ਼ਾਰਤੀ ਰਸਾਈ ਵੀ ਮੰਗੀ। ਚੀਫ਼ ਜਸਟਿਸ ਅਤਹਰ ਮਿਨਅੱਲ੍ਹਾ ਤੇ ਜਸਟਿਸ ਮਿਆਂਗੁਲ ਹਸਨ ਔਰੰਗਜ਼ੇਬ ਦੀ ਸ਼ਮੂਲੀਅਤ ਵਾਲੇ ਇਸਲਾਮਾਬਾਦ ਹਾਈ ਕੋਰਟ ਦੇ ਦੋ ਮੈਂਬਰੀ ਬੈਂਚ ਨੇ ਪਾਕਿਸਤਾਨ ਸਰਕਾਰ ਵੱਲੋਂ ਦਾਇਰ ਪਟੀਸ਼ਨ ’ਤੇ ਆਬਿਦ ਹਸਨ ਮੰਟੋ, ਹਾਮਿਦ ਖ਼ਾਨ ਤੇ ਮਖ਼ਦੂਮ ਅਲੀ ਖ਼ਾਨ ਨੂੰ ਜਾਧਵ ਕੇਸ ਵਿੱਚ ਅਦਾਲਤੀ ਮਿੱਤਰ ਨਿਯੁਕਤ ਕੀਤਾ ਹੈ। ਅਦਾਲਤੀ ਮਿੱਤਰ ਨਿਯੁਕਤ ਕੀਤੇ ਮੰਟੋ ਤੇ ਹਾਮਿਦ ਖ਼ਾਨ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹੋਣ ਦੇ ਨਾਲ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਵੀ ਹਨ ਜਦੋਂਕਿ ਮਖਦੂਮ ਅਲੀ ਮੁਲਕ ਦਾ ਸਾਬਕਾ ਅਟਾਰਨੀ ਜਨਰਲ ਹੈ। ਕੋਰਟ ਨੇ ਕਿਹਾ ਕਿ ਅਦਾਲਤੀ ਮਿੱਤਰ ਵਜੋਂ ਹੁਣ ਇਹ ਤਿੰਨੋਂ ਜਾਧਵ ਨੂੰ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਉਣ ਦੇ ਨਾਲ ਕੌਮਾਂਤਰੀ ਨਿਆਂ ਅਦਾਲਤ ਦੇ ਫੈਸਲੇ ਨੂੰ ਅਸਰਦਾਰ ਤਰੀਕੇ ਨਾਲ ਅਮਲ ਵਿੱਚ ਲਿਆਉਣਾ ਯਕੀਨੀ ਬਣਾਉਣਗੇ। -ਪੀਟੀਆਈ