ਜੰਮੂ, 2 ਜੂਨ
ਪਾਕਿਸਤਾਨੀ ਰੇਜਰਾਂ ਵੱਲੋਂ ਅੱਜ ਇੱਥੇ ਕੌਮਾਂਤਰੀ ਸਰਹੱਦ ਨੇੜੇ ਝਾੜੀਆਂ ਦੀ ਸਫ਼ਾਈ ’ਚ ਲੱਗੀ ਜੇਸੀਬੀ (ਅਰਥ ਮੂਵਰ) ਮਸ਼ੀਨ ’ਤੇ ਗੋਲੀਬਾਰੀ ਕੀਤੀ ਗਈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਲੱਗਪਗ ਚਾਰ ਮਹੀਨਿਆਂ ’ਚ ਗੋਲੀਬੰਦੀ ਦੀ ਉਲੰਘਣਾ ਦੀ ਇਹ ਦੂਜੀ ਘਟਨਾ ਹੈ। ਬੀਐੱਸਐੱਫ, ਜੋ ਕਿ ਸਰਹੱਦ ਸੁਰੱਖਿਆ ਕਰ ਰਹੀ ਹੈ, ਨੇ ਨਾ ਤਾਂ ਇਸ ਘਟਨਾ ਦੀ ਪੁਸ਼ਟੀ ਕੀਤੀ ਅਤੇ ਨਾ ਹੀ ਇਸ ਤੋਂ ਇਨਕਾਰ ਕੀਤਾ ਹੈ। ਸੂਤਰਾਂ ਨੇ ਦੱਸਿਆ ਕਿ ਪਾਕਿਸਤਾਨੀ ਰੇਜਰਾਂ ਨੇ ਸਵੇਰੇ 8 ਵਜੇ ਜੰਮੂ ਦੇ ਬਾਹਰੀ ਇਲਾਕੇ ਵਿੱਚ ਅਰਨੀਆ ਸੈਕਟਰ ਦੀ ਵਿਕਰਮ ਚੌਕੀ ਅਧੀਨ ਖੇਤਰ ’ਚ ਝਾੜੀਆਂ ਦੀ ਸਫ਼ਾਈ ਕਰ ਰਹੀ ਬੁਲੇਟ ਪਰੂਫ ਜੇਸੀਬੀ ਮਸ਼ੀਨ ਦੇਖਣ ਮਗਰੋਂ ਉਸ ਦੇ ਕੁਝ ਗੋਲੀਆਂ ਚਲਾਈਆਂ। ਘਟਨਾ ’ਚ ਕਿਸੇ ਦੇ ਵੀ ਮਾਰੇ ਜਾਣ ਦੀ ਖ਼ਬਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਬੀਐੱਸਐੱਫ ਵੱਲੋਂ ਵੀ ਜਵਾਬੀ ਕਾਰਵਾਈ ’ਚ ਕੁਝ ਗੋਲੀਆਂ ਚਲਾਈਆਂ ਗਈਆਂ। ਉਨ੍ਹਾਂ ਨਾਲ ਹੀ ਦੱਸਿਆ ਕਿ ਸਥਿਤੀ ਆਮ ਵਾਂਗ ਹੋ ਗਈ ਹੈ ਅਤੇ ਕੌਮਾਂਤਰੀ ਸਰਹੱਦ ਨੇੜੇ ਸ਼ਾਂਤੀ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਲੰਘੇ ਮਹੀਨੇ 2 ਮਈ ਨੂੰ ਪਾਕਿਸਤਾਨੀ ਰੇਂਜਰਾਂ ਨੇ ਰਾਮਗੜ੍ਹ ਸੈਕਟਰ ’ਚ ਕੌਮਾਂਤਰੀ ਸਰਹੱਦ ਨੇੜੇ ਗੋਲੀਬੰਦੀ ਦੀ ਉਲੰਘਣਾ ਕੀਤੀ ਸੀ ਜੋ ਦੋਵਾਂ ਦੇਸ਼ਾਂ ਵੱਲੋਂ ਸਰਹੱਦ ’ਤੇ ਸ਼ਾਂਤੀ ਬਣਾਈ ਰੱਖਣ ਲਈ ਇਸ ਸਾਲ 25 ਫਰਵਰੀ ਨੂੰ ਨਵੇਂ ਸਮਝੌਤੇ ’ਤੇ ਦਸਤਖ਼ਤ ਕਰਨ ਮਗਰੋਂ ਪਾਕਿਸਤਾਨੀ ਰੇਜਰਾਂ ਵੱਲੋਂ ਗੋਲੀਬੰਦੀ ਦੀ ਉਲੰਘਣਾ ਦੀ ਪਹਿਲੀ ਘਟਨਾ ਸੀ। ਪਿਛਲੇ ਮਹੀਨੇ ਬੀਐੱਸਐੱਫ ਵੱਲੋਂ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਗੋਲੀ ਮਾਰ ਦਿੱਤੀ ਗਈ ਸੀ, ਜਿਨ੍ਹਾਂ ਨੇ ਵਾਰ-ਵਾਰ ਚਿਤਾਵਨੀਆਂ ਦੇਣ ਦੇ ਬਾਵਜੂਦ ਸਾਂਭਾ ਸੈਕਟਰ ’ਚ ਭਾਰਤੀ ਹੱਦ ਵੱਲ ਆਉਣ ਦੀ ਕੋਸ਼ਿਸ਼ ਕੀਤੀ ਸੀ। -ਪੀਟੀਆਈ