ਜੰਮੂ: ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਜੰਮੂ ਕਸ਼ਮੀਰ ਦੇ ਪੁਣਛ ਜ਼ਿਲ੍ਹੇ ’ਚ ਕੰਟਰੋਲ ਰੇਖਾ ’ਤੇ ਅਗਾਊਂ ਇਲਾਕਿਆਂ ’ਚ ਗੋਲਾਬਾਰੀ ਕੀਤੀ। ਰੱਖਿਆ ਤਰਜਮਾਨ ਨੇ ਕਿਹਾ ਕਿ ਬਿਨਾਂ ਭੜਕਾਹਟ ਦੇ ਪਾਕਿਸਤਾਨ ਵੱਲੋਂ ਕੀਤੀ ਗਈ ਗੋਲਾਬਾਰੀ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਉਨ੍ਹਾਂ ਕਿਹਾ ਕਿ ਸਵੇਰੇ ਪੌਣੇ 7 ਵਜੇ ਦੇ ਕਰੀਬ ਪਾਕਿਸਤਾਨੀ ਫ਼ੌਜ ਨੇ ਮਾਨਕੋਟ ਸੈਕਟਰ ’ਚ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਅਤੇ ਮੋਰਟਾਰ ਦਾਗ਼ੇ। ਭਾਰਤੀ ਫ਼ੌਜ ਨੇ ਵੀ ਜਵਾਬੀ ਫਾਇਰਿੰਗ ਕੀਤੀ। ਬਾਅਦ ’ਚ ਸ਼ਾਮ 5.50 ’ਤੇ ਪਾਕਿਸਤਾਨ ਨੇ ਸ਼ਾਹਪੁਰ ਕਿਰਨੀ ਅਤੇ ਕ੍ਰਿਸ਼ਨਾ ਘਾਟੀ ਸੈਕਟਰਾਂ ’ਚ ਮੁੜ ਗੋਲੀਬਾਰੀ ਕੀਤੀ। ਲੋਕਾਂ ਨੂੰ ਬੰਕਰਾਂ ਜਾਂ ਸੁਰੱਖਿਅਤ ਥਾਵਾਂ ’ਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਹਨ। ਪਾਕਿ ਗੋਲਾਬਾਰੀ ’ਚ ਹਲਾਕ ਵਿਅਕਤੀ ਦੇ ਪਰਿਵਾਰ ਦੀ ਸਹਾਇਤਾ: ਇਸ ਦੌਰਾਨ ਪੁਣਛ ਦੇ ਡਿਪਟੀ ਕਮਿਸ਼ਨਰ ਰਾਹੁਲ ਯਾਦਵ ਨੇ ਮਾਨਕੋਟ ਸੈਕਟਰ ਦਾ ਦੌਰਾ ਕਰ ਕੇ ਉਥੇ ਸ਼ੁੱਕਰਵਾਰ ਨੂੰ ਪਾਕਿਸਤਾਨੀ ਗੋਲਾਬਾਰੀ ’ਚ ਮਾਰੇ ਗਏ ਮੁਹੰਮਦ ਸਦੀਕ (62) ਦੇ ਪਰਿਵਾਰਕ ਮੈਂਬਰਾਂ ਨੂੰ ਇਕ ਲੱਖ 10 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਹੈ। ਉਨ੍ਹਾਂ ਪੀੜਤ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਹ ਹਰਸੰਭਵ ਸਹਾਇਤਾ ਦੇਣਗੇ। -ਪੀਟੀਆਈ