ਇਸਲਾਮਾਬਾਦ, 22 ਅਕਤੂਬਰ
ਪਾਕਿਸਤਾਨ ਅਤੇ ਚੀਨ ਨੇ ਮੌਜੂਦਾ ਬਹੁ-ਅਰਬ ਡਾਲਰ ਦੇ ਚੀਨ-ਪਾਕਿਸਤਾਨ ਆਰਥਿਕ ਗਲਿਆਰੇ (ਸੀਪੀਈਸੀ) ਤੋਂ ਇਲਾਵਾ ਤਿੰਨ ਨਵੇਂ ਪ੍ਰਾਜੈਕਟ ਸਾਂਝੇ ਤੌਰ ‘ਤੇ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਦੋਨੇ ਮੁਲਕ ਖੇਤੀਬਾੜੀ, ਸਿਹਤ, ਵਿਗਿਆਨ ਅਤੇ ਤਕਨਾਲੋਜੀ ਸਮੇਤ ਵੱਖ-ਵੱਖ ਖੇਤਰਾਂ ਵਿਚ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣਾ ਚਾਹੁੰਦੇ ਹਨ। ਦਿ ਨਿਊ ਇੰਟਰਨੈਸ਼ਨਲ ਅਖਬਾਰ ਦੀ ਸ਼ਨਿਚਰਵਾਰ ਨੂੰ ਛਪੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪੇਈਚਿੰਗ ਵਿੱਚ ਚਾਈਨਾ ਇਕਨਾਮਿਕ ਨੈੱਟ (ਸੀਈਐਨ) ਵਿੱਚ ਸੰਬੋਧਨ ਕਰਦਿਆਂ ਚੀਨ ਵਿੱਚਲੇ ਪਾਕਿਸਤਾਨੀ ਰਾਜਦੂਤ ਮੋਇਨ ਉਲ ਹੱਕ ਨੇ ਤਿੰਨ ਨਵੇਂ ਪ੍ਰਾਜੈਕਟਾਂ ਜਿਨ੍ਹਾਂ ਦੇ ਨਾਂ ਚੀਨ-ਪਾਕਿਸਤਾਨ ਗ੍ਰੀਨ ਕੋਰੀਡੋਰ (ਸੀਪੀਜੀਸੀ), ਚੀਨ-ਪਾਕਿਸਤਾਨ ਹੈਲਥ ਕੋਰੀਡੋਰ (ਸੀਪੀਐਚਸੀ) ਅਤੇ ਚੀਨ-ਪਾਕਿਸਤਾਨ ਡਿਜੀਟਲ ਕੋਰੀਡੋਰ (ਸੀਪੀਡੀਸੀ) ਹਨ ਦਾ ਜ਼ਿਕਰ ਕੀਤਾ।
ਰਿਪੋਰਟ ਅਨੁਸਾਰ ਸਭ ਤੋਂ ਪਹਿਲਾਂ ਖੇਤੀਬਾੜੀ ਵਾਤਾਵਰਣ, ਭੋਜਨ ਸੁਰੱਖਿਆ ਅਤੇ ਹਰਿਆਈ ਵਿਕਾਸ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ। ਦੂਜੇ ਪ੍ਰਾਜੈਕਟ ਨਾਲ ਸਿਹਤ ਖੇਤਰ ਦੇ ਵਿਕਾਸ ਵਿੱਚ ਮਦਦ ਮਿਲੇਗੀ, ਜਦੋਂ ਕਿ ਤੀਜੇ ਨਾਲ ਪਾਕਿਸਤਾਨ ਦੇ ਆਈਟੀ ਉਦਯੋਗ ਨੂੰ ਹੁਲਾਰਾ ਮਿਲੇਗਾ। -ਏਜੰਸੀ