ਜੰਮੂ: ਪਾਕਿਸਤਾਨ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਪੁਣਛ ਤੇ ਕਠੂਆ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਤੇ ਕੌਮਾਂਤਰੀ ਸਰਹੱਦ ਨਾਲ ਲਗਦੀਆਂ ਮੂਹਰਲੀਆਂ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬਾਰੀ ਕੀਤੀ ਤੇ ਮੋਰਟਾਰ (ਛੋਟੇ ਗੋਲੇ) ਦਾਗੇ। ਅਧਿਕਾਰੀਆਂ ਨੇ ਕਿਹਾ ਕਿ ਹਾਲ ਦੀ ਘੜੀ ਭਾਰਤ ਵਾਲੇ ਪਾਸੇ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਰੱਖਿਆ ਤਰਜਮਾਨ ਨੇ ਕਿਹਾ, ‘ਪਾਕਿਸਤਾਨ ਨੇ ਅੱਜ ਸਵੇਰੇ ਸਵਾ ਛੇ ਵਜੇ ਦੇ ਕਰੀਬ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬੰਦੀ ਦੀ ਊਲੰਘਣਾ ਕਰਦਿਆਂ ਪੁਣਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਤੇ ਮੋਰਟਾਰ ਦਾਗੇ। ਭਾਰਤੀ ਫ਼ੌਜ ਨੇ ਇਸ ਹਿਮਾਕਤ ਦਾ ਮੂੰਹ ਤੋੜਵਾਂ ਜਵਾਬ ਦਿੱਤਾ।’ ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਸਰਹੱਦ ਪਾਰੋਂ ਹੁੰਦੀ ਇਸ ਦੁਵੱਲੀ ਗੋਲੀਬਾਰੀ ਕਰਕੇ ਸਰਹੱਦੀ ਪਿੰਡਾਂ ਦੇ ਲੋਕ ਦਹਿਸ਼ਤ ਵਿੱਚ ਹਨ। ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਰੇਂਜਰਾਂ ਨੇ ਕਠੂਆ ਜ਼ਿਲ੍ਹੇ ਦੇ ਹੀਰਾਨਗਰ ਸੈਕਟਰ ਵਿੱਚ ਕੌਮਾਂਤਰੀ ਸਰਹੱਦ ਨਾਲ ਲਗਦੇ ਕਾਰੋਲ ਮਟਰਈ ਖੇਤਰਾਂ ਵਿੱਚ ਪੈਂਦੇ ਪਿੰਡਾਂ ਤੇ ਮੂਹਰਲੀਆਂ ਚੌਕੀਆਂ ਨੂੰ ਵੀ ਨਿਸ਼ਾਨਾ ਬਣਾਇਆ। ਬੀਐੱਸਐੱਫ ਨੇ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ। ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਵੱਡੇ ਤੜਕੇ ਇਕ ਵਜੇ ਦੇ ਕਰੀਬ ਫਾਇਰਿੰਗ ਕਰਦਿਆਂ ਮੋਰਟਾਰ ਦਾਗੇ ਤੇ ਇਹ ਪੂਰੀ ਕਾਰਵਾਈ ਸਾਢੇ ਚਾਰ ਘੰਟਿਆਂ ਤਕ ਜਾਰੀ ਰਹੀ। -ਪੀਟੀਆਈ