ਲਾਹੌਰ, 30 ਅਪਰੈਲ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਬੇਟੇ ਹਮਜ਼ਾ ਸ਼ਰੀਫ ਨੇ ਸ਼ਨਿਚਰਵਾਰ ਨੂੰ ਦੇਸ਼ ਦੇ ਸਭ ਤੋਂ ਵੱਧ (ਲੱਗਪਗ 11 ਕਰੋੜ) ਆਬਾਦੀ ਵਾਲੇ ਸੂਬੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਵਜੋਂ ਹਲਫ਼ ਲਿਆ ਹੈ। ਕੌਮੀ ਅਸੈਂਬਲੀ ਦੇ ਸਪੀਕਰ ਰਾਜਾ ਪਰਵੇਜ਼ ਅਸ਼ਰਫ ਨੇ ਅੱਜ ਰਾਜ ਭਵਨ ਵਿੱਚ ਹਮਜ਼ਾ ਸ਼ਰੀਫ (47) ਨੂੰ ਅਹੁਦੇ ਦਾ ਹਲਫ਼ ਦਿਵਾਇਆ। ਇਸ ਤੋਂ ਪਹਿਲਾਂ ਦਿਨ ਦੌਰਾਨ ਰਾਜਪਾਲ ਉਮਰ ਸਰਫਰਾਜ ਚੀਮਾ ਨੇ ਅਹੁਦਾ ਛੱਡ ਰਹੇ ਮੁੱਖ ਮੰਤਰੀ ਉਸਮਾਨ ਬਹਾਦਰ ਦਾ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਅਤੇ ਉਨ੍ਹਾਂ ਦੀ ਕੈਬਨਿਟ ਨੂੰ ਬਹਾਲ ਕਰ ਦਿੱਤਾ। ਚੀਮਾ ਨੇ ਹਮਜ਼ਾ ਦੀ ਚੋਣ ਨੂੰ ਸੰਵਿਧਾਨਕ ਤੌਰ ’ਤੇ ਨਾ-ਮੰਨਣਯੋਗ ਕਰਾਰ ਦਿੱਤਾ ਹੈ। ਰਾਜਪਾਲ ਚੀਮਾ ਨੇ ਹਮਜ਼ਾ ਦੇ ਸਹੁੰ ਚੁੱਕ ਸਮਾਗਮ ਦੌਰਾਨ ਰਾਜ ਭਵਨ ਦੇ ਸੁਰੱਖਿਆ ਮੁਲਾਜ਼ਮਾਂ ਨੂੰ ਹਟਾ ਕੇ ਸੁਰੱਖਿਆ ਪ੍ਰਬੰਧ ਆਪਣੇ ਕੰਟਰੋਲ ਵਿੱਚ ਲਏ ਜਾਣ ’ਤੇ ਪੰਜਾਬ ਪੁਲੀਸ ਦੀ ਨਿਖੇਧੀ ਵੀ ਕੀਤੀ। ਹਲਫਦਾਰੀ ਸਮਾਗਮ ਜਾਰੀ ਰਹਿਣ ਦੌਰਾਨ ਉਨ੍ਹਾਂ ਨੇ ਚੀਫ ਜਸਟਿਸ ਨੂੰ ਪੁਲੀਸ ਵੱਲੋਂ ਰਾਜ ਭਵਨ ਨੂੰ ਆਪਣੇ ਕੰਟਰੋਲ ਵਿੱਚ ਲਏ ਜਾਣ ਦੇ ਕਦਮ ਦਾ ਨੋਟਿਸ ਲੈਣ ਦੀ ਅਪੀਲ ਵੀ ਕੀਤੀ। ਚੀਮਾ ਨੇ ਕਿਹਾ ਕਿ ਉਹ ਇਸ ਮੁੱਦੇ ਨੂੰ ਲੈ ਕੇ ਰਾਸ਼ਟਰਪਤੀ ਆਰਿਫ ਅਲਵੀ ਨੂੰ ਪੱਤਰ ਵੀ ਲਿਖਣਗੇ। ਦੂਜੇ ਪਾਸੇ ਹਲਫ਼ਦਾਰੀ ਸਮਾਗਮ ਦੇ ਤੁਰੰਤ ਬਾਅਦ ਮੁੱਖ ਸਕੱਤਰ ਨੇ ਦੱਸਿਆ ਕਿ ਹਮਜ਼ਾ ਨੇ ਮੁੱਖ ਮੰਤਰੀ ਦਫ਼ਤਰ ਦਾ ਕਾਰਜਭਾਰ ਸੰਭਾਲ ਲਿਆ ਹੈ।