ਇਸਲਾਮਾਬਾਦ, 22 ਅਗਸਤ
‘ਐਫਏਟੀਐਫ’ (ਵਿੱਤੀ ਸਰਗਰਮੀ ਟਾਸਕ ਫੋਰਸ) ਦੀ ‘ਗ੍ਰੇਅ ਲਿਸਟ’ ਵਿਚੋਂ ਬਾਹਰ ਆਉਣ ਲਈ ਪਾਕਿਸਤਾਨ ਨੇ 88 ਪਾਬੰਦੀਸ਼ੁਦਾ ਅਤਿਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਆਗੂਆਂ ’ਤੇ ਸਖ਼ਤ ਆਰਥਿਕ ਪਾਬੰਦੀਆਂ ਲਾਈਆਂ ਹਨ। ਇਨ੍ਹਾਂ ਆਗੂਆਂ ਵਿਚ ਹਾਫ਼ਿਜ਼ ਸਈਦ, ਮਸੂਦ ਅਜ਼ਹਰ ਅਤੇ ਦਾਊਦ ਇਬਰਾਹਿਮ ਸ਼ਾਮਲ ਹਨ। ਸੰਗਠਨਾਂ ਤੇ ਆਗੂਆਂ ਦੀ ਸਾਰੀ ਸੰਪਤੀ ਅਤੇ ਬੈਂਕ ਖ਼ਾਤੇ ਸੀਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਪੈਰਿਸ ਅਧਾਰਿਤ ‘ਐਫਏਟੀਐਫ’ ਨੇ ਪਾਕਿਸਤਾਨ ਨੂੰ ਇਸ ਸੂਚੀ ਵਿਚ ਜੂਨ 2018 ਵਿਚ ਸ਼ਾਮਲ ਕੀਤਾ ਸੀ। ਪਾਕਿ ਨੂੰ 2019 ਦੇ ਅੰਤ ਤੱਕ ਕਾਰਵਾਈ ਕਰਨ ਲਈ ਕਿਹਾ ਗਿਆ ਸੀ। ਮਹਾਮਾਰੀ ਫੈਲਣ ਕਾਰਨ ਕਾਰਵਾਈ ਦੀ ਮਿਆਦ ਵਧਾ ਦਿੱਤੀ ਗਈ ਸੀ।
ਸਰਕਾਰ ਨੇ 18 ਅਗਸਤ ਨੂੰ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਹਨ। ਇਸ ਤਹਿਤ 26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਾਰ ਜਮਾਤ-ਉਦ-ਦਾਵਾ ਦੇ ਮੁਖੀ ਸਈਦ, ਜੈਸ਼-ਏ-ਮੁਹੰਮਦ ਮੁਖੀ ਅਜ਼ਹਰ ਅਤੇ ਅਪਰਾਧ ਜਗਤ ਦੇ ਸਰਗਣੇ ਇਬਰਾਹਿਮ ’ਤੇ ਪਾਬੰਦੀਆਂ ਲਾਈਆਂ ਗਈਆਂ ਹਨ। 1993 ਦੇ ਮੁੰਬਈ ਧਮਾਕਿਆਂ ਤੋਂ ਬਾਅਦ ਦਾਊਦ ਇਬਰਾਹਿਮ ਭਾਰਤ ਵਿਚ ‘ਮੋਸਟ ਵਾਂਟੇਡ’ ਦਹਿਸ਼ਤਗਰਦ ਹੈ। ਉਸ ਦਾ ਵੱਡਾ ਤੇ ਵੱਖ-ਵੱਖ ਤਰ੍ਹਾਂ ਦਾ ਗ਼ੈਰਕਾਨੂੰਨੀ ਕਾਰੋਬਾਰ ਹੈ। ਅਤਿਵਾਦੀਆਂ ਦੀ ਸੂਚੀ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਵੱਲੋਂ ਮੁਹੱਈਆ ਕਰਵਾਈ ਗਈ ਸੀ। ਨਵੀਆਂ ਪਾਬੰਦੀਆਂ ਅਧੀਨ ਆਏ ਸੰਗਠਨਾਂ ਵਿਚ ਤਾਲਿਬਾਨ, ਦਾਇਸ਼, ਹੱਕਾਨੀ ਗਰੁੱਪ ਤੇ ਅਲ-ਕਾਇਦਾ ਵੀ ਸ਼ਾਮਲ ਹਨ। ਇਨ੍ਹਾਂ ਅਤਿਵਾਦੀਆਂ ਉਤੇ ਵਿੱਤੀ ਸੰਸਥਾਵਾਂ ਰਾਹੀਂ ਪੈਸਾ ਟਰਾਂਸਫਰ ਕਰਨ, ਹਥਿਆਰ ਖ਼ਰੀਦਣ ਅਤੇ ਵਿਦੇਸ਼ ਜਾਣ ਦੀ ਵੀ ਪਾਬੰਦੀ ਹੈ। ਪਾਬੰਦੀ ਅਧੀਨ ਆਉਣ ਵਾਲੇ ਹੋਰਨਾਂ ਆਗੂਆਂ ’ਚ ਜ਼ਕੀਉਰ ਰਹਿਮਾਨ ਲਖਵੀ, ਤਾਲਿਬਾਨ ਆਗੂ ਜਲਾਲੂਦੀਨ ਹੱਕਾਨੀ ਅਤੇ ਕੁਝ ਇੰਟਰਪੋਲ ਨੂੰ ਲੋੜੀਂਦੇ ਦਹਿਸ਼ਤਗਰਦ ਸ਼ਾਮਲ ਹਨ। ਪਾਕਿ-ਅਫ਼ਗਾਨ ਸਰਹੱਦ ਉਤੇ ਸਰਗਰਮ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਉਤੇ ਵੀ ਪਾਬੰਦੀ ਲਾਈ ਗਈ ਹੈ। -ਪੀਟੀਆਈ