ਨਵੀਂ ਦਿੱਲੀ, 29 ਜੁਲਾਈ
ਮਕਬੂਜ਼ਾ ਕਸ਼ਮੀਰ ਵਿੱਚ ਵਿਧਾਨ ਸਭਾ ਚੋਣਾਂ ਕਰਾਉਣ ਲਈ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਇਹ ਹੋਰ ਕੁਝ ਨਹੀਂ, ਸਗੋਂ ਪਾਕਿ ਵੱਲੋਂ ਨਾਜਾਇਜ਼ ਕਬਜ਼ੇ ਦੀ ਅਸਲੀਅਤ ਛਿਪਾਉਣ ਦੀ ਕੋਸ਼ਿਸ਼ ਹੈ। ਇਸ ਦੇ ਨਾਲ ਹੀ ਭਾਰਤ ਨੇ ਇਸ ਮਾਮਲੇ ’ਤੇ ਪਾਕਿਸਤਾਨ ਕੋਲ ਸਖ਼ਤ ਵਿਰੋਧ ਦਰਜ ਕਰਾਇਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਪਾਕਿਸਤਾਨ ਦਾ ਇਸ ਭਾਰਤੀ ਭੂਮੀ ’ਤੇ ਕੋਈ ਅਧਿਕਾਰ ਨਹੀਂ ਬਣਦਾ ਅਤੇ ਉਸ ਨੂੰ ਆਪਣੇ ਨਾਜਾਇਜ਼ ਕਬਜ਼ੇ ਵਾਲੇ ਸਾਰੇ ਇਲਾਕੇ ਖਾਲੀ ਕਰ ਦੇਣੇ ਚਾਹੀਦੇ ਹਨ। ਮਕਬੂਜ਼ਾ ਕਸ਼ਮੀਰ ਵਿੱਚ ਪਾਕਿਸਤਾਨ ਵੱਲੋਂ ਵਿਧਾਨ ਸਭਾ ਚੋਣਾਂ ਕਰਾਏ ਜਾਣ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਇਹ ਸਖ਼ਤ ਟਿੱਪਣੀ ਕੀਤੀ ਹੈ। ਚੋਣਾਂ ਬਾਰੇ ਪੁੱਛੇ ਜਾਣ ’ਤੇ ਬਾਗਚੀ ਨੇ ਕਿਹਾ ਕਿ ਭਾਰਤ ਨੇ ਇਸ ਸਬੰਧੀ ਪਾਕਿਸਤਾਨੀ ਅਧਿਕਾਰੀਆਂ ਸਾਹਮਣੇ ਸਖ਼ਤ ਵਿਰੋਧ ਦਰਜ ਕਰਾਇਆ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਇਸ ਕਾਰਵਾਈ ਦਾ ਸਥਾਨਕ ਲੋਕਾਂ ਨੇ ਵੀ ਵਿਰੋਧ ਕੀਤਾ ਹੈ ਅਤੇ ਉਸ ਨੂੰ ਖਾਰਜ ਕਰ ਦਿੱਤਾ ਹੈ। -ਏਜੰਸੀ