ਨਵੀਂ ਦਿੱਲੀ, 23 ਮਾਰਚ
ਸਿੰਧੂ ਜਲ ਸੰਧੀ ਤਹਿਤ ਭਾਰਤ ਤੇ ਪਾਕਿਸਤਾਨ ਦੇ ਸਿੰਧੂ ਕਮਿਸ਼ਨਰਾਂ ਦੀ ਦੋ ਰੋਜ਼ਾ ਸਾਲਾਨਾ ਮੀਟਿੰਗ ਅੱਜ ਇਥੇ ਸ਼ੁਰੂ ਹੋ ਗਈ। ਮੀਟਿੰਗ ਦੌਰਾਨ ਪਾਕਿਸਤਾਨ ਨੇ ਜੰਮੂ ਤੇ ਕਸ਼ਮੀਰ ਵਿੱਚ ਪਾਕਲ ਡਲ ਤੇ ਹੇਠਲੇ ਕਲਨਈ ਪਣਬਿਜਲੀ ਪ੍ਰਾਜੈਕਟਾਂ ਦੇ ਡਿਜ਼ਾਈਨ ’ਤੇ ਇਤਰਾਜ਼ ਜਤਾਇਆ ਤੇ ਲੱਦਾਖ ’ਚ ਚੱਲ ਰਹੇ ਪਣਬਿਜਲੀ ਪ੍ਰਾਜੈਕਟਾਂ ਬਾਰੇ ਵਧੇਰੇ ਜਾਣਕਾਰੀ ਮੰਗੀ। ਉਧਰ ਭਾਰਤ ਨੇ ਆਪਣਾ ਪੱਖ ਰੱਖਦਿਆਂ ਇਨ੍ਹਾਂ ਡਿਜ਼ਾਈਨਾਂ ਨੂੰ ਨਿਆਂਸੰਗਤ ਕਰਾਰ ਦਿੱਤਾ। ਚਨਾਬ ਦਰਿਆ ’ਚੋਂ ਨਿਕਲਦੀ ਮਰੂਸੁਦਰ ਨਦੀ ’ਤੇ ਬਣਿਆ 1000 ਮੈਗਾਵਾਟ ਦੀ ਸਮਰੱਥਾ ਵਾਲਾ ਪਾਕਲ ਡਲ ਪਣਬਿਜਲੀ ਪ੍ਰਾਜੈਕਟ ਜੰਮੂ ਤੇ ਕਸ਼ਮੀਰ ਜ਼ਿਲ੍ਹੇ ਦੇ ਕਿਸ਼ਤਵਾੜ ’ਚ ਪੈਂਦਾ ਹੈ। ਹੇਠਲਾ ਕਲਨਾਈ ਪ੍ਰਾਜੈਕਟ ਕਿਸ਼ਤਵਾੜ ਤੇ ਡੋਡਾ ਜ਼ਿਲ੍ਹਿਆਂ ’ਚ ਲਾਉਣ ਦੀ ਤਜਵੀਜ਼ ਹੈ। ਸਥਾਈ ਸਿੰਧੂ ਜਲ ਕਮਿਸ਼ਨ ਦੀ ਇਹ ਸਾਲਾਨਾ ਬੈਠਕ ਦੋ ਸਾਲਾਂ ਬਾਅਦ ਕੀਤੀ ਗਈ ਹੈ। ਬੈਠਕ ਵਿਚ ਸ਼ਾਮਲ ਹੋਏ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਪੀ.ਕੇ. ਸਕਸੈਨਾ ਨੇ ਕੀਤੀ ਜਦੋਂਕਿ ਇਸ ਵਿਚ ਕੇਂਦਰੀ ਜਲ ਕਮਿਸ਼ਨ, ਕੇਂਦਰੀ ਬਿਜਲੀ ਅਥਾਰਟੀ ਅਤੇ ਰਾਸ਼ਟਰੀ ਪਣਬਿਜਲੀ ਊਰਜਾ ਨਿਗਮ ਦੇ ਸਲਾਹਕਾਰ ਵੀ ਸ਼ਾਮਲ ਹਨ। ਪਾਕਿਸਤਾਨੀ ਵਫ਼ਦ ਦੀ ਅਗਵਾਈ ਸਿੰਧੂ ਕਮਿਸ਼ਨ (ਪਾਕਿਸਤਾਨ) ਦੇ ਕਮਿਸ਼ਨਰ ਸੱਯਦ ਮੁਹੰਮਦ ਮੇਹਰ ਅਲੀ ਸ਼ਾਹ ਨੇ ਕੀਤੀ। ਜੰਮੂ ਤੇ ਕਸ਼ਮੀਰ ਨੂੰ ਧਾਰਾ 370 ਤਹਿਤ ਮਿਲਿਆ ਵਿਸ਼ੇਸ਼ ਰੁਤਬਾ ਅਗਸਤ 2019 ਵਿੱਚ ਮਨਸੂਖ ਕੀਤੇ ਜਾਣ ਮਗਰੋਂ ਦੋਵਾਂ ਮੁਲਕਾਂ ਦੇ ਕਮਿਸ਼ਨਰਾਂ ਦੀ ਇਹ ਪਲੇਠੀ ਮੀਟਿੰਗ ਹੈ। ਕੇਂਦਰ ਦੀ ਮੋਦੀ ਸਰਕਾਰ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦੇਣ ਮਗਰੋਂ ਹੁਣ ਤੱਕ ਲੇਹ ਵਿੱਚ ਦੁਰਬੁਕ ਸ਼ਿਓਕ (19 ਮੈਗਾਵਾਟ), ਸ਼ੰਕੂ (18.5 ਮੈਗਾਵਾਟ), ਨਿਮੂ ਚਿਲਿੰਗ (24 ਮੈਗਾਵਾਟ), ਰੋਂਗਡੋ (12 ਮੈਗਾਵਾਟ), ਰਤਨ ਨਾਗ (10.5 ਮੈਗਾਵਾਟ) ਅਤੇ ਕਾਰਗਿਲ ਵਿੱਚ ਮਾਂਗਡੁਮ ਸੰਗਰਾ(19 ਮੈਗਾਵਾਟ), ਕਾਰਗਿਲ ਹੰਡਰਮੈਨ(25 ਮੈਗਾਵਾਟ) ਤੇ ਤਮਾਸ਼ਾ (12 ਮੈਗਾਵਾਟ) ਪਣਬਿਜਲੀ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇ ਚੁੱਕੀ ਹੈ। ਭਾਰਤ ਇਨ੍ਹਾਂ ਪ੍ਰਾਜੈਕਟਾਂ ਸਬੰਧੀ ਪਾਕਿਸਤਾਨ ਨੂੰ ਸੂਚਿਤ ਕਰ ਚੁੱਕਾ ਹੈ ਤੇ ਦੋ ਦਿਨਾਂ ਮੀਟਿੰਗ ਦੌਰਾਨ ਇਨ੍ਹਾਂ ’ਤੇ ਵੀ ਚਰਚਾ ਹੋ ਸਕਦੀ ਹੈ। -ਪੀਟੀਆਈ