ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 14 ਅਕਤੂਬਰ
ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗ਼ਚੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਿਾਜ਼ ਸ਼ਰੀਫ਼ ਵੱਲੋਂ ਕੀਤੀ ਗੱਲਬਾਤ ਦੀ ਪੇਸ਼ਕਸ਼ ਦੇ ਹਵਾਲੇ ਨਾਲ ਅੱਜ ਗੁਆਂਢੀ ਮੁਲਕ ਨੂੰ ਭਾਰਤ ਦੇ ਸਟੈਂਡ ਬਾਰੇ ਦੋ ਟੁੱਕ ਸ਼ਬਦਾਂ ਸਾਫ਼ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਪਹਿਲਾਂ ਆਪਣੇ ਮੁਲਕ ਵਿਚਲੇ ਦਹਿਸ਼ਤੀ ਢਾਂਚੇ ਨੂੰ ਨਸ਼ਟ ਕਰੇ। ਬਾਗਚੀ ਨੇ ਕਿਹਾ, ‘‘ਜਿਵੇਂ ਕਿ ਅਸੀਂ ਹਮੇਸ਼ਾ ਕਹਿੰਦੇ ਹਾਂ, ਗੱਲਬਾਤ ਦਹਿਸ਼ਤਗਰਦੀ ਮੁਕਤ ਮਾਹੌਲ ਵਿੱਚ ਹੀ ਹੋ ਸਕਦੀ ਹੈ। ਕਾਬਿਲੇਗੌਰ ਹੈ ਕਿ ਕਜ਼ਾਖ਼ਸਤਾਨ ਦੇ ਅਸਤਾਨਾ ਵਿੱਚ ‘ਏਸ਼ੀਆ ’ਚ ਸੰਵਾਦ ਤੇ ਭਰੋਸਾ ਬਹਾਲੀ ਲਈ ਕਦਮ ਚੁੱਕਣ’ ਦੇ ਵਿਸ਼ੇ ’ਤੇ ਅਧਾਰਿਤ ਕਾਨਫਰੰਸ ਤੋਂ ਇਕਪਾਸੇੇ ਸ਼ਰੀਫ਼ ਨੇ ਕਿਹਾ ਸੀ ਕਿ ਖਿੱਤੇ ਵਿੱਚ ਅਮਨ ਤੇ ਖ਼ੁਸ਼ਹਾਲੀ ਲਈ ਦੋਵਾਂ ਮੁਲਕਾਂ ਵਿੱਚ ਸੰਵਾਦ ਅਹਿਮ ਹੈ। ਸ਼ਰੀਫ਼ ਨੇ ਕਿਹਾ ਸੀ ਕਿ ਗੱਲਬਾਤ ਤਾਂ ਹੀ ਸੰਭਵ ਹੈ ਜੇਕਰ ਦੋਵੇਂ ਮੁਲਕ ਟਕਰਾਅ ਵਾਲੇ ਮੁੱਦਿਆਂ ਨੂੰ ਲਾਂਭੇ ਰੱਖ ਕੇ ਅੱਗੇ ਵਧਣ। ਇਸੇ ਕਾਨਫਰੰਸ ਵਿੱਚ ਭਾਰਤ ਦੀ ਨੁਮਾਇੰਦਗੀ ਕਰਦਿਆਂ ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਕਿਹਾ ਸੀ ਕਿ ਭਾਰਤ ਆਪਣੇ ਸਾਰੇ ਗੁਆਂਢੀਆਂ ਨਾਲ ਸੁਖਾਵੇਂ ਸਬੰਧਾਂ ਦਾ ਚਾਹਵਾਨ ਹੈ। ਉਨ੍ਹਾਂ ਪਾਕਿਸਤਾਨ ਨੂੰ ਅਤਿਵਾਦ ਦਾ ਆਲਮੀ ਕੇਂਦਰ ਦੱਸਿਆ ਸੀ।