ਇਸਲਾਮਾਬਾਦ: ਪਾਕਿਸਤਾਨ ਦੇ ਨਵ-ਨਿਯੁਕਤ ਵਿੱਤ ਮੰਤਰੀ ਹਮਾਦ ਅਜ਼ਹਰ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਭਾਰਤ ਤੋਂ ਖੰਡ ਅਤੇ ਕਪਾਹ ਦੀ ਖ਼ਰੀਦ ਕਰੇਗਾ। ਭਾਰਤ ਵਲੋਂ ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੇ ਜਾਣ ਮਗਰੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧ ਗਿਆ ਸੀ। ਪਾਕਿਸਤਾਨ ਨੇ ਗੁਆਂਢੀ ਦੇਸ਼ ਤੋਂ ਸਾਮਾਨ ਦੀ ਦਰਾਮਦਗੀ ’ਤੇ ਪਾਬੰਦੀ ਲਾ ਦਿੱਤੀ ਸੀ। ਵਿੱਤ ਮੰਤਰੀ ਅਜ਼ਹਰ ਦੀ ਪ੍ਰਧਾਨਗੀ ਹੇਠ ਹੋਈ ਆਰਥਿਕ ਸਹਿਯੋਗ ਕਮੇਟੀ (ਈਸੀਸੀ) ਦੀ ਮੀਟਿੰਗ ਦੌਰਾਨ ਅੱਜ ਨਿੱਜੀ ਖੇਤਰਾਂ ਨੂੰ ਭਾਰਤ ਤੋਂ ਪੰਜ ਲੱਖ ਟਨ ਖੰਡ ਦਰਾਮਦ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਅਜ਼ਹਰ ਨੇ ਕਿਹਾ ਕਿ ਮੀਟਿੰਗ ਦੌਰਾਨ ਭਾਰਤ ਤੋਂ ਕਪਾਹ ਤੇ ਖੰਡ ਸਣੇ 21 ਚੀਜ਼ਾਂ ਦਰਾਮਦ ਕਰਵਾਉਣ ਸਬੰਧੀ ਏਜੰਡੇ ਬਾਰੇ
ਗੱਲਬਾਤ ਕੀਤੀ ਗਈ ਅਤੇ ਕਾਫ਼ੀ ਵਿਚਾਰ-ਚਰਚਾ ਮਗਰੋਂ ਇਨ੍ਹਾਂ ਦੋਵਾਂ ਚੀਜ਼ਾਂ ਨੂੰ ਖ਼ਰੀਦਣ ਦੀ ਮਨਜ਼ੂਰੀ ਦਿੱਤੀ ਗਈ। ਉੁਨ੍ਹਾਂ ਕਿਹਾ, ‘‘ਭਾਰਤ ਵਿੱਚ ਖੰਡ ਕਾਫ਼ੀ ਸਸਤੀ ਹੈ। ਇਸ ਲਈ ਅਸੀਂ ਭਾਰਤ ਨਾਲ ਖੰਡ ਦਾ ਵਪਾਰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।’’ ਪਾਕਿਸਤਾਨ ਵੱਲੋਂ ਦਰਾਮਦਗੀ ਮੁੜ ਸ਼ੁਰੂ ਕਰਨ ਨਾਲ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਦੁਵੱਲੇ ਵਪਾਰਕ ਸਬੰਧਾਂ ਨੂੰ ਅੰਸ਼ਿਕ ਹੁਲਾਰਾ ਮਿਲੇਗਾ। ਵਿੱਤ ਮੰਤਰੀ ਨੇ ਕਿਹਾ, ‘‘ਭਾਰਤ ਤੋਂ ਕਪਾਹ ਦੀ ਦਰਾਮਦਗੀ ’ਤੇ ਪਾਬੰਦੀ ਲਾਉਣ ਕਾਰਨ ਇਸ ਦਾ ਸਿੱਧਾ ਅਸਰ ਸਾਡੇ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ’ਤੇ ਪੈ ਰਿਹਾ ਸੀ। ਹਾਲਾਂਕਿ, ਵਣਜ ਮੰਤਰਾਲੇ ਦੀ ਸਿਫ਼ਾਰਿਸ਼ ’ਤੇ ਅਸੀਂ ਭਾਰਤ ਤੋਂ ਕਪਾਹ ਦੀ ਖ਼ਰੀਦ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।’’ -ਪੀਟੀਆਈ