ਜੰਮੂ: ਪਾਕਿਸਤਾਨੀ ਰੇਂਜਰਾਂ ਨੇ ਲੰਘੀ ਰਾਤ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਜੰਮੂ ਤੇ ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਨਾਲ ਲਗਦੀਆਂ ਮੂਹਰਲੀਆਂ ਚੌਕੀਆਂ ਤੇ ਪਿੰਡਾਂ ਨੂੰ ਨਿਸ਼ਾਨਾ ਬਣਾਇਆ। ਅਧਿਕਾਰੀਆਂ ਨੇ ਕਿਹਾ ਕਿ ਪਾਕਿ ਰੇਂਜਰਾਂ ਨੇ ਸ਼ਨਿੱਚਰਵਾਰ ਰਾਤ ਨੂੰ 10:25 ਵਜੇ ਦੇ ਕਰੀਬ ਹੀਰਾਨਗਰ ਸੈਕਟਰ ਦੇ ਬੌਬੀਆ ਖੇਤਰ ’ਚ ਸਰਹੱਦੀ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕੀਤੀ, ਜਿਸ ਦਾ ਬੀਐੱਸਐੱਫ ਦੇ ਜਵਾਨਾਂ ਨੇ ਮੂੰਹ ਤੋੜ ਜਵਾਬ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਦੁਵੱਲੀ ਗੋਲੀਬਾਰੀ ਤੜਕੇ ਸਾਢੇ ਚਾਰ ਵਜੇ ਤੱਕ ਜਾਰੀ ਰਹੀ ਤੇ ਭਾਰਤ ਵਾਲੇ ਪਾਸੇ ਕਿਸੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਇਸ ਖੇਤਰ ਵਿੱਚ ਸਰਹੱਦ ਪਾਰੋਂ ਗੋਲੀਬਾਰੀ ਕੀਤੀ ਸੀ, ਉਸ ਮੌਕੇ ਸਰਹੱਦੀ ਲੋਕਾਂ ਨੂੰ ਪੂਰੀ ਰਾਤ ਜ਼ਮੀਨਦੋਜ਼ ਬੰਕਰਾਂ ’ਚ ਕੱਟਣੀ ਪਈ ਸੀ। -ਪੀਟੀਆਈ