ਜੰਮੂ, 27 ਜੁਲਾਈ
ਪਾਕਿਸਤਾਨੀ ਫ਼ੌਜਾਂ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਕੰਟਰੋਲ ਰੇਖਾ ਦੇ ਨਾਲ ਮੂਹਰਲੇ ਖੇਤਰਾਂ ’ਤੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਤੇ ਮੋਰਟਾਰ (ਛੋਟੇ ਗੋਲੇ) ਦਾਗ਼ੇ। ਉਂਜ ਇਹ ਲਗਾਤਾਰ ਸੱਤਵਾਂ ਦਿਨ ਹੈ ਜਦੋਂ ਗੁਆਂਢੀ ਮੁਲਕ ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬੰਦੀ ਦਾ ਉਲੰਘਣ ਕੀਤਾ ਹੈ। ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿਸਤਾਨੀ ਫ਼ੌਜ ਨੇ ਅੱਜ ਸਵੇਰੇ ਸਾਢੇ ਦਸ ਵਜੇ ਦੇ ਕਰੀਬ ਪੁਣਛ ਜ਼ਿਲ੍ਹੇ ਦੇ ਮਨਕੋਟ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ ਮੂਹਰਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ, ਜਿਸ ਦਾ ਭਾਰਤੀ ਫੌਜ ਨੇ ਮੂੰਹ-ਤੋੜ ਜਵਾਬ ਦਿੱਤਾ। ਪਾਕਿਸਤਾਨੀ ਫੌਜ ਪਿਛਲੇ ਮੰਗਲਵਾਰ ਤੋਂ ਰਾਜੌਰੀ ਤੇ ਪੁਣਛ ਜ਼ਿਲ੍ਹਿਆਂ ’ਚ ਕੰਟਰੋਲ ਰੇਖਾ ਦੇ ਨਾਲ ਮੂਹਰਲੇ ਖੇਤਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। -ਪੀਟੀਆਈ