ਜੰਮੂ/ਸ੍ਰੀਨਗਰ, 1 ਅਕਤੂਬਰ
ਪਾਕਿਸਤਾਨ ਵੱਲੋਂ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਦੇਰ ਰਾਤ ਕੰਟਰੋਲ ਰੇਖਾ ਦੇ ਨਾਲ ਕ੍ਰਿਸ਼ਨਾ ਘਾਟੀ ਵਿੱਚ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੀ ਗੋਲੀਬਾਰੀ ’ਚ ਭਾਰਤੀ ਫੌਜ ਦਾ ਇਕ ਜਵਾਨ ਸ਼ਹੀਦ ਤੇ ਦੂਜਾ ਜ਼ਖ਼ਮੀ ਹੋ ਗਿਆ। ਸ਼ਹੀਦ ਫੌਜੀ ਦੀ ਪਛਾਣ ਲਾਂਸ ਨਾਇਕ ਕਰਨੈਲ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਪਾਕਿਸਤਾਨੀ ਫੌਜ ਨੇ ਜੰਮੂ ਤੇ ਕਸ਼ਮੀਰ ਦੇ ਨੌਗਾਮ ਸੈਕਟਰ ਵਿੱਚ ਵੀ ਗੋਲੀਬੰਦੀ ਦੀ ਉਲੰਘਣਾ ਕੀਤੀ। ਰੱਖਿਆ ਤਰਜਮਾਨ ਕਰਨਲ ਰਾਜੇਸ਼ ਕਾਲੀਆ ਨੇ ਕਿਹਾ ਕਿ ਕੰਟਰੋਲ ਰੇਖਾ ਦੇ ਨੌਗਾਮ ਸੈਕਟਰ ਵਿੱਚ ਕੀਤੀ ਇਸ ਗੋਲੀਬਾਰੀ ’ਚ ਦੋ ਭਾਰਤੀ ਫੌਜੀ ਹਲਾਕ ਤੇ ਚਾਰ ਹੋਰ ਜ਼ਖ਼ਮੀ ਹੋ ਗਏ ਹਨ। ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿਸਤਾਨੀ ਫੌਜ ਨੇ ਸਰਹੱਦ ਪਾਰੋਂ ਬਿਨਾਂ ਕਿਸੇ ਭੜਕਾਹਟ ਤੋਂ ਗੋਲੀਬੰਦੀ ਦੀ ਉਲੰਘਣਾ ਕਰਦਿਆਂ ਦੇਰ ਰਾਤ ਕੰਟਰੋਲ ਰੇਖਾ ਦੇ ਨਾਲ ਮਨਕੋਟ ਤੇ ਕ੍ਰਿਸ਼ਨਾ ਘਾਟੀ ਸੈਕਟਰਾਂ ਅਤੇ ਅੱਜ ਸਵੇਰੇ ਨੌਗਾਮ ਸੈਕਟਰ ਵਿੱਚ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਤੇ ਛੋਟੇ ਗੋਲੇ ਦਾਗ਼ੇ। ਤਰਜਮਾਨ ਮੁਤਾਬਕ ਭਾਰਤੀ ਫੌਜ ਨੇ ਪਾਕਿ ਫ਼ੌਜਾਂ ਦੀ ਇਸ ਹਿਮਾਕਤ ਦਾ ਮੂੰਹ ਤੋੜ ਜਵਾਬ ਦਿੱਤਾ। ਤਰਜਮਾਨ ਨੇ ਕਿਹਾ ਕਿ ਵ੍ਹਾਈਟ ਨਾਈਟ ਕੋਰ ਦੇ ਜੀਓਸੀ ਤੇ ਹੋਰਨਾਂ ਅਧਿਕਾਰੀਆਂ ਨੇ ਦੇਸ਼ ਲਈ ਜਾਨ ਵਾਰਨ ਵਾਲੇ ਲਾਂਸ ਨਾਇਕ ਕਰਨੈਲ ਸਿੰਘ ਨੂੰ ਸਲਾਮੀ ਦਿੱਤੀ। ਰਿਪੋਰਟਾਂ ਮੁਤਾਬਕ ਗੋਲੀਬਾਰੀ ਦੌਰਾਨ ਇਕ ਹੋਰ ਫੌਜੀ ਜਵਾਨ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾ ਦਿੱਤਾ ਗਿਆ ਹੈ।