ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 17 ਜੂਨ
ਪਾਕਿਸਤਾਨ ਦਾ ਆਲਮੀ ਵਿੱਤੀ ਨਿਗਰਾਨ ਫਾਇਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਦੀ ਗਰੇਅ ਸੂਚੀ ਵਿੱਚੋਂ ਬਾਹਰ ਹੋਣ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਫ਼ੈਸਲਾ ਐੱਫਏਟੀਐੱਫ ਦੀ ਬਰਲਿਨ ਵਿੱਚ ਹੋਈ ਹਾਈਬ੍ਰਿਡ ਪਲੈਨਰੀ ਮੀਟਿੰਗ ਵਿੱਚ ਲਿਆ ਗਿਆ ਹੈ। ਆਲਮੀ ਵਿੱਤੀ ਨਿਗਰਾਨ ਨੇ ਕਿਹਾ ਕਿ ਪਾਕਿਸਤਾਨ ਨੇ ਉਨ੍ਹਾਂ ਸਾਰੇ 34 ਨੁਕਤਿਆਂ ਦੀ ਪਾਲਣਾ ਕੀਤੀ ਹੈ, ਜਿਨ੍ਹਾਂ ਵਿੱਚ ਉਸ ਨੂੰ ਸੁਧਾਰ ਕਰਨ ਲਈ ਕਿਹਾ ਗਿਆ ਸੀ। ਇਸ ਸੂਚੀ ਵਿੱਚੋਂ ਬਾਹਰ ਹੋਣ ’ਤੇ ਪਾਕਿਸਤਾਨ ਨੂੰ ਸਸਤੀਆਂ ਵਿਆਜ ਦਰਾਂ ’ਤੇ ਕਰਜ਼ਾ ਮਿਲ ਸਕੇਗਾ ਅਤੇ ਦੇਸ਼ ਵਿੱਚ ਨਿਵੇਸ਼ ਦਾ ਜ਼ੋਖ਼ਮ ਵੀ ਘੱਟ ਹੋਵੇਗਾ। ਜ਼ਿਕਰਯੋਗ ਹੈ ਕਿ ਐੱਫਏਟੀਐੱਫ ਦਾ ਜਰਮਨੀ ਦੇ ਬਰਲਿਨ ਵਿੱਚ ਚਾਰ ਦਿਨਾਂ ਦਾ ਸੈਸ਼ਨ ਚੱਲ ਰਿਹਾ ਸੀ, ਜਿਸ ਦਾ ਅੱਜ ਆਖ਼ਰੀ ਦਿਨ ਸੀ। ਪਾਕਿਸਤਾਨ ਜੂਨ 2018 ਤੋਂ ਗਰੇਅ ਸੂਚੀ ਵਿੱਚ ਬਣਿਆ ਹੋਇਆ ਸੀ। ਇਸ ਦਾ ਕਾਰਨ ਪਾਕਿਸਤਾਨ ਵੱਲੋਂ ਅਤਿਵਾਦੀ ਗਰੁੱਪਾਂ ਨੂੰ ਦਿੱਤੀ ਜਾਂਦੀ ਫੰਡਿੰਗ ਸੀ। ਪਾਕਿਸਤਾਨ ’ਤੇ ਲਸ਼ਕਰ-ਏ-ਤਇਬਾ ਦੀ ਵਿੱਤੀ ਕਰਨ ਦਾ ਦੋਸ਼ ਲਾਇਆ ਗਿਆ ਸੀ।