ਜੰਮੂ, 10 ਅਗਸਤ
ਪਾਕਿਸਤਾਨੀ ਫੌਜਾਂ ਨੇ ਅੱਜ ਜੰਮੂ ਤੇ ਕਸ਼ਮੀਰ ਦੇ ਪੁਣਛ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨਾਲ ਲੱਗਦੀਆਂ ਮੂਹਰਲੀਆਂ ਚੌਕੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਬੰਦੀ ਦੀ ਊਲੰਘਣਾ ਕੀਤੀ। ਰੱਖਿਆ ਤਰਜਮਾਨ ਨੇ ਕਿਹਾ ਕਿ ਪਾਕਿਸਤਾਨੀ ਫੌਜਾਂ ਨੇ ਅੱਜ ਸਵੇਰੇ ਸਵਾ ਦਸ ਵਜੇ ਦੇ ਕਰੀਬ ਬਾਲਾਕੋਟ ਸੈਕਟਰ ਵਿੱਚ ਸਰਹੱਦ ਪਾਰੋਂ ਬਿਨਾਂ ਕਿਸੇ ਭੜਕਾਹਟ ਦੇ ਭਾਰਤੀ ਖੇਤਰ ਨੂੰ ਨਿਸ਼ਾਨਾ ਬਣਾਇਆ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਤਰਜਮਾਨ ਨੇ ਕਿਹਾ ਕਿ ਆਖਰੀ ਖ਼ਬਰਾਂ ਮਿਲਣ ਤਕ ਫਾਇਰਿੰਗ ਜਾਰੀ ਸੀ, ਪਰ ਗੋਲੀਬਾਰੀ ’ਚ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਪਾਕਿਸਤਾਨੀ ਫੌਜੀਆਂ ਨੇ ਤਾਰਕੁੰਡੀ ਪਿੰਡ ਵਿੱਚ ਛੋਟੇ ਗੋਲੇ ਵੀ ਦਾਗੇ, ਜਿਸ ਕਰਕੇ ਪਿੰਡ ਵਾਸੀ ਘਬਰਾ ਗਏ। ਪਾਕਿ ਫੌਜਾਂ ਨੇ ਐਤਵਾਰ ਨੂੰ ਮਨਕੋਟ, ਕਿਰਨੀ ਤੇ ਕ੍ਰਿਸ਼ਨਾ ਘਾਟੀ ਸੈਕਟਰਾਂ ਵਿੱਚ ਭਾਰੀ ਗੋਲੀਬਾਰੀ ਕੀਤੀ ਸੀ।