ਧਰਮਸ਼ਾਲਾ: ਹਿਮਾਚਲ ਪ੍ਰਦੇਸ਼ ’ਚ ਲੰਘੇ ਐਤਵਾਰ ਇਕ ਹੋਰ ਪੈਰਾਗਲਾਈਡਰ ਨਾਲ ਟਕਰਾਉਣ ਮਗਰੋਂ ਕਾਂਗੜਾ ਜ਼ਿਲ੍ਹੇ ਦੀਆਂ ਧੌਲਾਧਾਰ ਪਹਾੜੀਆਂ ’ਚ ਫਸੇ ਪੋਲੈਂਡ ਦੇ ਪੈਰਾਗਲਾਈਡਰ ਨੂੰ ਅੱਜ ਸੁਰੱਖਿਅਤ ਬਚਾ ਲਿਆ ਗਿਆ ਹੈ। ਬੀਤੇ ਦਿਨ ਉਸ ਨੂੰ ਹੈਲੀਕਾਪਟਰ ਰਾਹੀਂ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਸਥਿਤੀ ਮੁਸ਼ਕਲ ਹੋਣ ਕਾਰਨ ਇਹ ਕੋਸ਼ਿਸ਼ ਨਾਕਾਮ ਹੋ ਗਈ ਸੀ। ਇਸੇ ਦੌਰਾਨ ਖਰਾਬ ਮੌਸਮ ਕਾਰਨ ਬੀੜ ਬਿਲਿੰਗ ’ਚ ਚੱਲ ਰਹੇ ਪੈਰਾਗਲਾਈਡਿੰਗ ਵਿਸ਼ਵ ਕੱਪ 2024 ’ਚ ਅੜਿੱਕਾ ਪਿਆ ਹੈ।ਬੈਜਨਾਥ ਦੇ ਐੱਸਡੀਐੱਮ ਡੀਸੀ ਠਾਕੁਰ ਨੇ ਦੱਸਿਆ, ‘ਪੋਲੈਂਡ ਦੇ ਫਰੀ ਫਲਾਇਰ ਪੈਰਾਗਲਾਈਡਰ ਐਂਡ੍ਰਿਊ ਬਾਬਿੰਸਕੀ ਨੂੰ ਹਵਾਈ ਮਾਰਗ ਰਾਹੀਂ ਸੁਰੱਖਿਅਤ ਕੱਢ ਦੇ ਪਾਲਮਪੁਰ ਦੇ ਵਿਵੇਕਾਨੰਦ ਹਸਪਤਾਲ ਦਾਖਲ ਕਰਵਾਇਆ ਗਿਆ।’ ਦੂਜੇ ਪਾਸੇ ਕਾਂਗੜਾ ਜ਼ਿਲ੍ਹੇ ਦੇ ਬੀੜ ਬਿਲਿੰਗ ’ਚ ਕਰਵਾਏ ਜਾ ਰਹੇ ‘ਪੈਰਾਗਲਾਈਡਿੰਗ ਵਿਸ਼ਵ ਕੱਪ 2024’ ’ਚ ਪੈਰਾਗਲਾਈਡਰਾਂ ਲਈ ਅੱਜ ਦੇ ਪ੍ਰੋਗਰਾਮ ਖਰਾਬ ਮੌਸਮ ਕਾਰਨ ਰੱਦ ਕਰ ਦਿੱਤੇ ਗਏ। -ਪੀਟੀਆਈ