ਬੰਗਲੂਰੂ, 12 ਫਰਵਰੀ
ਇਥੋਂ ਦੇ ਪ੍ਰਾਈਵੇਟ ਸਕੂਲ ’ਚ ਉਸ ਸਮੇਂ ਤਣਾਅ ਦਾ ਮਾਹੌਲ ਬਣ ਗਿਆ ਜਦੋਂ ਮਾਪਿਆਂ ਅਤੇ ਵਿਦਿਆਰਥੀਆਂ ਨੇ ਪ੍ਰਬੰਧਕਾਂ ਵੱਲੋਂ ਜਮਾਤਾਂ ’ਚ ਹਿਜਾਬ ਪਹਿਨਣ ਦੇ ਸਬੰਧ ’ਚ ਨੋਟਿਸ ਬੋਰਡ ’ਤੇ ਵਰਤੀ ਗਈ ਇਤਰਾਜ਼ਯੋਗ ਸ਼ਬਦਾਵਲੀ ਦਾ ਵਿਰੋਧ ਕੀਤਾ। ਚੰਦਰਾ ਲੇਅਆਊਟ ’ਚ ਵਿਦਿਆਸਾਗਰ ਇੰਗਲਿਸ਼ ਪਬਲਿਕ ਸਕੂਲ ਦੇ ਬਾਹਰ ਅੱਜ ਸਵੇਰੇ ਲੋਕ ਇਕੱਠੇ ਹੋਏ ਅਤੇ ਉਨ੍ਹਾਂ ਨੋਟਿਸ ਬੋਰਡ ’ਤੇ ਵਰਤੀ ਗਈ ਸ਼ਬਦਾਵਲੀ ਦਾ ਵਿਰੋਧ ਕੀਤਾ। ਦੱਸਿਆ ਜਾ ਰਿਹਾ ਹੈ ਕਿ ਜਿਹੜੇ ਅਧਿਆਪਕ ਨੇ ਨੋਟਿਸ ਬੋਰਡ ’ਤੇ ਸੁਨੇਹਾ ਲਿਖਿਆ ਸੀ, ਉਸ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਕ ਬੱਚੇ ਦੇ ਪਿਤਾ ਸ਼ਹਾਬੂਦੀਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਿਜਾਬ ਵਿਵਾਦ ਦਾ ਬੰਗਲੂਰੂ ’ਚ ਕੋਈ ਅਸਰ ਨਹੀਂ ਹੈ। ਉਨ੍ਹਾਂ ਕਿਹਾ,‘‘ਇਹ 20 ਸਾਲ ਪੁਰਾਣਾ ਸਕੂਲ ਹੈ ਜਿਥੇ ਹਿੰਦੂ ਅਤੇ ਮੁਸਲਿਮ ਇਕੱਠਿਆਂ ਪੜ੍ਹਦੇ ਹਨ। ਸਕੂਲ ’ਚ ਕਰੀਬ 80 ਫ਼ੀਸਦੀ ਬੱਚੇ ਮੁਸਲਿਮ ਹਨ। ਇਥੇ ਪੜ੍ਹਾਈ ਬਹੁਤ ਵਧੀਆ ਹੁੰਦੀ ਹੈ ਪਰ ਹਿਜਾਬ ਦਾ ਕੋਈ ਮੁੱਦਾ ਨਹੀਂ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਇਕ ਅਧਿਆਪਕ ਨੇ ਵਿਦਿਆਰਥੀਆਂ ਦੇ ਇਕ ਵਰਗ ਲਈ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਜਿਸ ਕਾਰਨ ਮਾਪਿਆਂ ਨੂੰ ਪ੍ਰਦਰਸ਼ਨ ਕਰਨਾ ਪਿਆ ਹੈ। ਸ਼ਹਾਬੂਦੀਨ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਹਵਾ ਨਾ ਦਿੱਤੀ ਜਾਵੇ ਕਿਉਂਕਿ ਇਹ ਸਥਾਨਕ ਮੁੱਦਾ ਹੈ ਅਤੇ ਹਿੰਦੂਆਂ ਤੇ ਮੁਸਲਮਾਨਾਂ ’ਚ ਸੁਖਾਵੇਂ ਸਬੰਧ ਹਨ। -ਪੀਟੀਆਈ
ਕਰਨਾਟਕ ਸਰਕਾਰ ਨੇ ਕਾਲਜਾਂ ’ਚ ਛੁੱਟੀਆਂ 15 ਤੱਕ ਵਧਾਈਆਂ
ਬੰਗਲੂਰੂ: ਕਰਨਾਟਕ ਸਰਕਾਰ ਨੇ ਹਿਜਾਬ ਵਿਵਾਦ ਕਾਰਨ 9 ਫਰਵਰੀ ਤੋਂ ਬੰਦ ਚੱਲ ਰਹੇ ਪ੍ਰੀ-ਯੂਨੀਵਰਸਿਟੀ ਕਾਲਜਾਂ ’ਚ ਛੁੱਟੀਆਂ 15 ਫਰਵਰੀ ਤੱਕ ਵਧਾ ਦਿੱਤੀਆਂ ਹਨ। ਪਹਿਲਾਂ ਇਹ ਕਾਲਜ 14 ਫਰਵਰੀ ਨੂੰ ਖੁੱਲ੍ਹਣੇ ਸਨ। ਸਰਕਾਰ ਨੇ ਡਿਗਰੀ ਅਤੇ ਡਿਪਲੋਮਾ ਕਾਲਜ ਪਹਿਲਾਂ ਹੀ 16 ਫਰਵਰੀ ਤੱਕ ਬੰਦ ਰੱਖਣ ਦਾ ਐਲਾਨ ਕੀਤਾ ਹੋਇਆ ਹੈ। ਸਰਕਾਰ ਨੇ ਕਿਹਾ ਹੈ ਕਿ ਉਨ੍ਹਾਂ ਸੂਬੇ ’ਚ ਅਮਨ-ਅਮਾਨ ਕਾਇਮ ਰੱਖਣ ਲਈ ਇਹਤਿਆਤ ਵਜੋਂ ਇਹ ਕਦਮ ਉਠਾਏ ਹਨ। ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਮੰਤਰੀ ਬੀ ਸੀ ਨਾਗੇਸ਼ ਦੇ ਨੇੜਲੇ ਸੂਤਰਾਂ ਨੇ ਕਿਹਾ ਕਿ 9ਵੀਂ ਅਤੇ 10ਵੀਂ ਜਮਾਤਾਂ ਦੀ ਪੜ੍ਹਾਈ 14 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਹਿਜਾਬ ਬਨਾਮ ਭਗਵਾਂ ਸ਼ਾਲ ਦੇ ਮੁੱਦੇ ’ਤੇ ਸੂਬੇ ਦੇ ਕਈ ਹਿੱਸਿਆਂ ’ਚ ਹਾਈ ਸਕੂਲਾਂ ਅਤੇ ਕਾਲਜ ਕੈਂਪਸਾਂ ’ਚ ਤਣਾਅ ਪੈਦਾ ਹੋ ਗਿਆ ਹੈ। -ਪੀਟੀਆਈ