ਨਵੀਂ ਦਿੱਲੀ, 21 ਜੁਲਾਈ
ਸੰਸਦ ਦੇ ਦੋਵੇਂ ਸਦਨ ਲੋਕ ਸਭਾ ਅਤੇ ਰਾਜ ਸਭਾ ਅੱਜ ਭਾਵੇਂ ਕੁਝ ਦੇਰ ਲਈ ਜੁੜੇ ਅਤੇ ਬਿੱਲ ਪੇਸ਼ ਕਰਨ ਦਾ ਅਮਲ ਸ਼ੁਰੂ ਹੋਇਆ। ਇਸ ਦੌਰਾਨ ਵਿਰੋਧੀ ਮੈਂਬਰਾਂ ਦੀ ਗ਼ੈਰਹਾਜ਼ਰੀ ਅਤੇ ਹੰਗਾਮੇ ਕਾਰਨ ਲੋਕ ਸਭਾ ’ਚ ਇੰਡੀਅਨ ਅੰਟਾਰਟਿਕ ਬਿੱਲ, 2022 ਅਤੇ ਰਾਜ ਸਭਾ ’ਚ ਵਿਆਪਕ ਘਾਤਕ ਹਥਿਆਰਾਂ ’ਤੇ ਲਗਾਮ ਲਗਾਉਣ ਸਬੰਧੀ ਸੋਧ ਬਿੱਲ, 2022 ’ਤੇ ਚਰਚਾ ਨਾ ਹੋ ਸਕੀ। ਇਨ੍ਹਾਂ ਬਿੱਲਾਂ ’ਤੇ ਚਰਚਾ ਮੁਲਤਵੀ ਕਰਨ ਮਗਰੋਂ ਦੋਵੇਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। ਉਂਜ ਦੋਵੇਂ ਸਦਨ ’ਚ ਵਿਰੋਧੀ ਧਿਰਾਂ ਨੇ ਹੰਗਾਮਾ ਜਾਰੀ ਰੱਖਿਆ।
ਲੋਕ ਸਭਾ ਦੁਪਹਿਰ ਸਵਾ ਦੋ ਵਜੇ ਦੇ ਕਰੀਬ ਮੁੜ ਜੁੜਨ ’ਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਬੇਨਤੀ ਕੀਤੀ ਕਿ ਇੰਡੀਅਨ ਅੰਟਾਰਟਿਕ ਬਿੱਲ ’ਤੇ ਉਦੋਂ ਚਰਚਾ ਕਰਵਾਈ ਜਾਵੇ ਜਦੋਂ ਵਿਰੋਧੀ ਧਿਰ ਦੇ ਮੈਂਬਰ ਸਦਨ ’ਚ ਮੌਜੂਦ ਹੋਣ ਕਿਉਂਕਿ ਇਹ ਬਿੱਲ ਅਹਿਮ ਹੈ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਈਡੀ ਵੱਲੋਂ ਪੁੱਛ-ਪੜਤਾਲ ਕਰਨ ਦੇ ਵਿਰੋਧ ’ਚ ਪਾਰਟੀ ਦੇ ਆਗੂ ਸੜਕਾਂ ’ਤੇ ਪ੍ਰਦਰਸ਼ਨ ਕਰ ਰਹੇ ਸਨ ਅਤੇ ਹੋਰ ਕਈ ਵਿਰੋਧੀ ਧਿਰਾਂ ਦੇ ਮੈਂਬਰ ਵੀ ਸਦਨ ਅੰਦਰ ਹਾਜ਼ਰ ਨਹੀਂ ਸਨ। ਸਪੀਕਰ ਦੀ ਕੁਰਸੀ ’ਤੇ ਬੈਠੇ ਭਰਤੁਰਹਰੀ ਮਾਹਤਾਬ ਨੇ ਵਿਰੋਧੀ ਧਿਰ ਦੇ ਮੈਂਬਰਾਂ ਦੀ ਘੱਟ ਗਿਣਤੀ ਹੋਣ ਦਾ ਨੋਟਿਸ ਲੈਂਦਿਆਂ ਦਿਨ ਭਰ ਲਈ ਸਦਨ ਦੀ ਕਾਰਵਾਈ ਉਠਾ ਦਿੱਤੀ। ਮਾਹਤਾਬ ਨੇ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ ਬਿੱਲ ਬਿਨਾਂ ਚਰਚਾ ਤੋਂ ਪਾਸ ਨਹੀਂ ਹੋਣਾ ਚਾਹੀਦਾ ਹੈ। ਭਾਜਪਾ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਕਾਂਗਰਸ ਅਤੇ ਵਿਰੋਧੀ ਧਿਰ ਨੇ ਸਦਨ ਦਾ ‘ਬਾਈਕਾਟ’ ਕੀਤਾ ਹੈ ਜਦਕਿ ਅਹਿਮ ਬਿੱਲ ’ਤੇ ਚਰਚਾ ਹੋਣੀ ਸੀ। ਇਸ ਤੋਂ ਪਹਿਲਾਂ ਸਵੇਰੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ’ਤੇ ਕਾਂਗਰਸ ਅਤੇ ਹੋਰ ਧਿਰਾਂ ਨੇ ਸੋਨੀਆ ਦੀ ਈਡੀ ਅੱਗੇ ਪੇਸ਼ੀ ਤੇ ਜੀਐੱਸਟੀ ਦੇ ਮੁੱਦੇ ’ਤੇ ਤਖ਼ਤੀਆਂ ਲੈ ਕੇ ਸਦਨ ਵਿਚਕਾਰ ਨਾਅਰੇਬਾਜ਼ੀ ਕੀਤੀ।
ਉਧਰ ਰਾਜ ਸਭਾ ’ਚ ਵਿਆਪਕ ਨਰਸੰਘਾਰ ਦੇ ਹਥਿਆਰਾਂ ’ਤੇ ਲਗਾਮ ਲਗਾਉਣ ਸਬੰਧੀ ਸੋਧ ਬਿੱਲ ਪਾਸ ਕਰਨ ਨੂੰ 25 ਜੁਲਾਈ ਤੱਕ ਲਈ ਟਾਲ ਦਿੱਤਾ ਗਿਆ। ਸਰਕਾਰ ਚਾਹੁੰਦੀ ਹੈ ਕਿ ਵਿਰੋਧੀ ਧਿਰ ਦੇ ਮੈਂਬਰ ਵੀ ਇਸ ਬਿੱਲ ’ਤੇ ਚਰਚਾ ’ਚ ਹਿੱਸਾ ਲੈ ਸਕਣ। ਚੇਅਰਮੈਨ ਦੀ ਕੁਰਸੀ ’ਤੇ ਬੈਠੇ ਭੁਬਨੇਸ਼ਵਰ ਕਾਲਿਤਾ ਨੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਵੀ ਮੁਰਲੀਧਰਨ ਦੀ ਬੇਨਤੀ ਸਵੀਕਾਰ ਕਰਦਿਆਂ ਬਿੱਲ ਪਾਸ ਕਰਨਾ ਟਾਲ ਦਿੱਤਾ। ਇਸ ਤੋਂ ਪਹਿਲਾਂ ਚਰਚਾ ’ਚ ਹਿੱਸਾ ਲੈਂਦਿਆਂ ਬੀਜੇਡੀ ਦੇ ਪ੍ਰਸ਼ਾਂਤ ਨੰਦਾ, ਅੰਨਾ ਡੀਐੱਮਕੇ ਦੇ ਐੱਮ ਥੰਬੀਦੁਰਈ, ਵਾਈਐੱਸਆਰਸੀਪੀ ਦੇ ਅਯੁੱਧਿਆ ਰਾਮੀ ਰੈੱਡੀ, ਆਰਜੇਡੀ ਦੇ ਮਨੋਜ ਕੁਮਾਰ ਝਾਅ, ਟੀਡੀਪੀ ਦੇ ਕੇ ਰਵਿੰਦਰ ਕੁਮਾਰ, ਜਨਤਾ ਦਲ (ਯੂ) ਦੇ ਰਾਮਨਾਥ ਠਾਕੁਰ ਅਤੇ ਭਾਜਪਾ ਦੇ ਪ੍ਰਕਾਸ਼ ਜਾਵੜੇਕਰ ਨੇ ਬਿੱਲ ਦੀ ਹਮਾਇਤ ਕੀਤੀ। ਉਂਜ ਡੀਐੱਮਕੇ ਦੇ ਪੀ ਵਿਲਸਨ ਨੇ ਕਿਹਾ ਕਿ ਦੇਸ਼ ’ਚ ਮਹਿੰਗਾਈ ਵਿਆਪਕ ਜਨਸੰਘਾਰ ਦਾ ਹਥਿਆਰ ਹੈ। ਇਸ ਮਗਰੋਂ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ। -ਪੀਟੀਆਈ
ਰਾਜ ਸਭਾ ’ਚ ਹੰਗਾਮੇ ਦੌਰਾਨ ਪ੍ਰਸ਼ਨਕਾਲ ਹੋਇਆ
ਨਵੀਂ ਦਿੱਲੀ: ਵਿਰੋਧੀ ਧਿਰਾਂ ਵੱਲੋਂ ਲਗਾਤਾਰ ਤਿੰਨ ਦਿਨਾਂ ਤੋਂ ਕੀਤੇ ਜਾ ਰਹੇ ਹੰਗਾਮੇ ਤੋਂ ਬਾਅਦ ਅੱਜ ਕੁਝ ਦੇਰ ਲਈ ਰਾਜ ਸਭਾ ’ਚ ਪ੍ਰਸ਼ਨਕਾਲ ਹੋਇਆ। ਸਦਨ ’ਚ 15 ਸਵਾਲ ਸੂਚੀਬੱਧ ਸਨ ਜਿਨ੍ਹਾਂ ’ਚੋਂ 13 ਹੀ ਸਬੰਧਤ ਮੰਤਰੀਆਂ ਤੋਂ ਪੁੱਛੇ ਜਾ ਸਕੇ। ਪ੍ਰਸ਼ਨਕਾਲ ਦੌਰਾਨ ਵੀ ਵਿਰੋਧੀ ਧਿਰ ਨੇ ਖੁਰਾਕੀ ਵਸਤਾਂ ’ਤੇ ਜੀਐੱਸਟੀ ਲਗਾਉਣ, ਅਗਨੀਪਥ ਯੋਜਨਾ ਅਤੇ ਮਹਿੰਗਾਈ ਖ਼ਿਲਾਫ਼ ਪ੍ਰਦਰਸ਼ਨ ਜਾਰੀ ਰੱਖੇ। ਉਪ ਸਭਾਪਤੀ ਹਰੀਵੰਸ਼ ਨੇ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਕਿਹਾ ਕਿ ਉਹ ਸਦਨ ਵਿਚਕਾਰ ਆ ਕੇ ਪ੍ਰਦਰਸ਼ਨ ਨਾ ਕਰਨ। ਉਨ੍ਹਾਂ ਕਿਹਾ ਕਿ ਪ੍ਰਸ਼ਨਕਾਲ ਬਹੁਤ ਅਹਿਮ ਹੈ ਅਤੇ ਤਖ਼ਤੀਆਂ ਲੈ ਕੇ ਪ੍ਰਦਰਸ਼ਨ ਕਰਨਾ ਗਲਤ ਹੈ। ਵਿਰੋਧੀ ਮੈਂਬਰ ਸੰਜੈ ਸਿੰਘ ਉਪ ਚੇਅਰਮੈਨ ਦੀ ਕੁਰਸੀ ਨੇੜੇ ਤਖ਼ਤੀ ਲੈ ਕੇ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਸਦਨ ਦੀ ਕਾਰਵਾਈ 10 ਮਿੰਟਾਂ ਲਈ ਮੁਲਤਵੀ ਕੀਤੀ ਗਈ ਅਤੇ ਫਿਰ ਜਦੋਂ ਸਦਨ ਜੁੜਿਆ ਤਾਂ ਹੰਗਾਮਾ ਜਾਰੀ ਰਿਹਾ ਪਰ ਇਸ ਦੌਰਾਨ ਪ੍ਰਸ਼ਨਕਾਲ ਵੀ ਜਾਰੀ ਰਿਹਾ। -ਪੀਟੀਆਈ