ਨਵੀਂ ਦਿੱਲੀ, 7 ਅਪਰੈਲ
ਕਾਂਗਰਸ ਅਤੇ ਸ਼ਿਵ ਸੈਨਾ ਸਮੇਤ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਭਾਰੀ ਹੰਗਾਮੇ ਦਰਮਿਆਨ ਰਾਜ ਸਭਾ ਦੀ ਬੈਠਕ ਤੈਅ ਤਰੀਕ ਤੋਂ ਇਕ ਦਿਨ ਪਹਿਲਾਂ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਹੰਗਾਮੇ ਕਾਰਨ ਚੇਅਰਮੈਨ ਐਮ. ਵੈਂਕਈਆ ਨਾਇਡੂ ਆਪਣਾ ਰਵਾਇਤੀ ਸਮਾਪਤੀ ਭਾਸ਼ਣ ਵੀ ਨਹੀਂ ਦੇ ਸਕੇ। ਸਦਨ ਦੀ ਮੇਜ਼ ‘ਤੇ ਜ਼ਰੂਰੀ ਦਸਤਾਵੇਜ਼ ਰੱਖੇ ਜਾਣ ਤੋਂ ਬਾਅਦ ਚੇਅਰਮੈਨ ਨਾਇਡੂ ਨੇ ਸਾਰੇ ਮੈਂਬਰਾਂ ਨੂੰ ਜਾਣੂ ਕਰਵਾਇਆ ਕਿ ਅੱਜ ਬਜਟ ਸੈਸ਼ਨ ਦਾ ਆਖਰੀ ਦਿਨ ਹੈ ਅਤੇ ਉਹ ਸਦਨ ਦੀ ਕਾਰਵਾਈ ਨੂੰ ਮੁਲਤਵੀ ਕਰ ਰਹੇ ਹਨ। ਸੰਸਦ ਦੇ ਬਜਟ ਸੈਸ਼ਨ ਲਈ ਲੋਕ ਸਭਾ ਦੀ ਕਾਰਵਾਈ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਇਸ ਸੈਸ਼ਨ ਵਿੱਚ 27 ਬੈਠਕਾਂ ਹੋਈਆਂ ਅਤੇ ਸਦਨ ਦੀ ਕਾਰਗੁਜ਼ਾਰੀ 129 ਫੀਸਦੀ ਰਹੀ। ਬਜਟ ਸੈਸ਼ਨ ਦੀ ਮੀਟਿੰਗ ਤੈਅ ਪ੍ਰੋਗਰਾਮ ਤੋਂ ਇਕ ਦਿਨ ਪਹਿਲਾਂ ਹੀ ਮੁਲਤਵੀ ਕਰ ਦਿੱਤੀ ਗਈ।