ਨਵੀਂ ਦਿੱਲੀ, 26 ਨਵੰਬਰ
ਸੰਸਦ ਨੂੰ ਲੋਕਤੰਤਰ ਦਾ ਮੰਦਰ ਕਰਾਰ ਦਿੰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅੱਜ ਕਿਹਾ ਕਿ ਹਰ ਸੰਸਦ ਮੈਂਬਰ ਦੀ ਜ਼ਿੰਮੇਵਾਰੀ ਹੈ ਕਿ ਉਹ ਸੰਸਦ ਵਿੱਚ ਉਹੀ ਭਾਵਨਾ ਦਿਖਾਏ ਜਿਹੜੀ ਉਹ ਆਪਣੇ ਧਾਰਮਿਕ ਸਥਾਨਾਂ ਵਿੱਚ ਦਿਖਾਉਂਦਾ ਹੈ ਅਤੇ ਮਤਭੇਦਾਂ ਨੂੰ ਲੋਕ ਸੇਵਾ ਦੇ ਅਸਲ ਉਦੇਸ਼ ਦੇ ਰਾਹ ਵਿੱਚ ਰੁਕਾਵਟ ਨਾ ਬਣਨ ਦਿੱਤਾ ਜਾਵੇ। ਸੰਵਿਧਾਨ ਦਿਵਸ ’ਤੇ ਸੰਸਦ ਦੇ ਸੈਂਟਰਲ ਹਾਲ ‘ਚ ਸਮਾਗਮ ਦੌਰਾਨ ਰਾਸ਼ਟਰਪਤੀ ਨੇ ਕਿਹਾ ਕਿ ਗ੍ਰਾਮ ਸਭਾ, ਵਿਧਾਨ ਸਭਾ ਅਤੇ ਸੰਸਦ ਦੇ ਚੁਣੇ ਹੋਏ ਨੁਮਾਇੰਦਿਆਂ ਦੀ ਇਕ ਹੀ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਦੀ ਪਹਿਲ ਆਪਣੇ ਇਲਾਕੇ ਦੇ ਸਮੂਹ ਲੋਕਾਂ ਦੀ ਭਲਾਈ ਅਤੇ ਦੇਸ਼ ਹਿੱਤ ਵਿੱਚ ਕੰਮ ਕਰਨਾ ਹੈ। ਉਨ੍ਹਾਂ ਕਿਹਾ ਕਿ ਵਿਚਾਰਧਾਰਾ ਵਿੱਚ ਮਤਭੇਦ ਹੋ ਸਕਦੇ ਹਨ ਪਰ ਕੋਈ ਵੀ ਮਤਭੇਦ ਇੰਨਾ ਵੱਡਾ ਨਹੀਂ ਹੋਣਾ ਚਾਹੀਦਾ ਕਿ ਲੋਕ ਸੇਵਾ ਦੇ ਅਸਲ ਮਕਸਦ ਵਿੱਚ ਰੁਕਾਵਟ ਪੈਦਾ ਹੋਵੇ।