ਨਵੀਂ ਦਿੱਲੀ, 3 ਅਗਸਤ
ਸੰਸਦ ਨੇ ਅੱਜ ਨੈਸ਼ਨਲ ਐਂਟੀ-ਡੋਪਿੰਗ ਏਜੰਸੀ ਤੇ ਨੈਸ਼ਨਲ ਡੋਪ ਟੈਸਟਿੰਗ ਲੈਬਾਰਟਰੀ ਦੇ ਕੰਮਕਾਜ ਲਈ ਵਿਧਾਨਕ ਢਾਂਚਾ ਮੁਹੱਈਆ ਕਰਵਾਉਣ ਦੀ ਜਾਮਨੀ ਭਰਦੇ ਬਿੱਲ ’ਤੇ ਮੋਹਰ ਲਾ ਦਿੱਤੀ। ਰਾਜ ਸਭਾ ਨੇ ਕੌਮੀ ਐਂਟੀ-ਡੋਪਿੰਗ ਬਿੱਲ 2022 ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ। ਲੋਕ ਸਭਾ ਪਿਛਲੇ ਹਫ਼ਤੇ ਕੁਝ ਤਰਮੀਮਾਂ ਨਾਲ ਇਸ ਬਿੱਲ ਨੂੰ ਪਹਿਲਾਂ ਹੀ ਹਰੀ ਝੰਡੀ ਦੇ ਚੁੱਕੀ ਹੈ। ਖੇਡ ਤੇ ਨੌਜਵਾਨ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਠਾਕੁਰ ਨੇ ਬਿੱਲ ’ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਮੌਜੂਦਾ ਸਮੇਂ ਭਾਰਤ ਸਾਲਾਨਾ 6000 ਕੇ ਕਰੀਬ ਹੀ ਟੈਸਟ ਕਰ ਸਕਦਾ ਹੈ ਤੇ ਇਸ ਨਵੇਂ ਕਾਨੂੰਨ ਨਾਲ ਟੈਸਟਿੰਗ ਸਮਰਥਾ ਵਧਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕੋਈ ਵੱਡੀ ਕੌਮਾਂਤਰੀ ਚੈਂਪੀਅਨਸ਼ਿਪ ਕਰਵਾਉਣ ਲਈ ਮਾਸਿਕ 10,000 ਤੱਕ ਟੈਸਟ ਕਰਵਾਉਣ ਦੀ ਲੋੜ ਪੈ ਸਕਦੀ ਹੈ। ਠਾਕੁਰ ਨੇ ਕਿਹਾ ਕਿ ਇਸ ਬਿੱਲ ਦੇ ਪਾਸ ਹੋਣ ਨਾਲ ਭਾਰਤ ਕੁਝ ਚੋਣਵੇਂ ਮੁਲਕਾਂ ਜਿਵੇਂ ਅਮਰੀਕਾ, ਚੀਨ, ਜਾਪਾਨ ਤੇ ਫਰਾਂਸ ਦੇ ਕਲੱਬ ਵਿੱਚ ਸ਼ਾਮਲ ਹੋ ਜਾਵੇਗਾ। ਉਂਜ ਬਿੱਲ ’ਤੇ ਬਹਿਸ ਦੌਰਾਨ ਵਿਰੋਧੀ ਧਿਰ ਦੇ ਕਈ ਉਜਰਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਦੌਰਾਨ ਲੋਕ ਸਭਾ ਨੇ ਗਤੀ ਸ਼ਕਤੀ ਬਿੱਲ ਨੂੰ ਵੀ ਪ੍ਰਵਾਨਗੀ ਦੇ ਦਿੱਤੀ। -ਪੀਟੀਆਈ
ਪੀਟੀ. ਊਸ਼ਾ ਵੱਲੋਂ ਸਾਰੇ ਮੁਕਾਬਲਿਆਂ ਨੂੰ ‘ਨਾਡਾ’ ਦੇ ਘੇਰੇ ਵਿੱਚ ਲਿਆਉਣ ਦੀ ਵਕਾਲਤ
ਨਵੀਂ ਦਿੱਲੀ: ਉੱਘੀ ਅਥਲੀਟ ਤੇ ਰਾਜ ਸਭਾ ਮੈਂਬਰ ਪੀ.ਟੀ.ਊਸ਼ਾ ਨੇ ਸਾਰੇ ਮੁਕਾਬਲਿਆਂ ਨੂੰ ਕੌਮੀ ਐਂਟੀ-ਡੋਪਿੰਗ ਏਜੰਸੀ (ਨਾਡਾ) ਦੇ ਘੇਰੇ ਵਿੱਚ ਲਿਆਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਖੇਡ ਮੈਡੀਸਨ ਤੇ ਵਿਗਿਆਨ ਦੇ ਖੇਤਰ ਵਿੱਚ ਵਧੇਰੇ ਧਿਆਨ ਕੇਂਦਰਤ ਕੀਤਾ ਜਾਵੇ ਤਾਂ ਕਿ ਸੱਟਾਂ-ਫੇਟਾਂ ਤੋਂ ਉਭਰਨ ਵਿੱਚ ਖਿਡਾਰੀਆਂ ਦੀ ਮਦਦ ਕੀਤੀ ਜਾ ਸਕੇ। ਊਸ਼ਾ ਨੇ ਅੱਜ ਰਾਜ ਸਭਾ ਵਿੱਚ ਆਪਣੀ ਪਲੇਠੀ ਤਕਰੀਰ ਦੌਰਾਨ ਇਹ ਗੱਲ ਕਹੀ। ਸਾਬਕਾ ਅਥਲੀਟ ਨੇ ਡੋਪਿੰਗ ਵਿੱਚ ਸ਼ਾਮਲ ਲੋਕਾਂ ਖਿਲਾਫ਼ ਸਮੇਂ ਸਿਰ ਕਾਰਵਾਈ ਦੀ ਲੋੜ ’ਤੇ ਜ਼ੋਰ ਦਿੱਤਾ। -ਪੀਟੀਆਈ
ਸਰਕਾਰ ਨੇ ਨਿੱਜੀ ਡੇਟਾ ਸੁਰੱਖਿਆ ਬਿੱਲ ਵਾਪਸ ਲਿਆ
ਨਵੀਂ ਦਿੱਲੀ: ਸਰਕਾਰ ਨੇ ਨਿੱਜੀ ਡੇਟਾ ਸੁਰੱਖਿਆ ਬਿੱਲ ਅੱਜ ਲੋਕ ਸਭਾ ਵਿੱਚੋਂ ਵਾਪਸ ਲੈ ਲਿਆ। ਸਰਕਾਰ ਨੇ ਕਿਹਾ ਕਿ ਉਹ ਸਰਦ ਰੁੱਤ ਇਜਲਾਸ ਦੌਰਾਨ ‘ਨਵਾਂ ਵਿਧਾਨਕ ਬਿੱਲ’ ਲਿਆਏਗੀ, ਜੋ ਵਿਆਪਕ ਕਾਨੂੰਨੀ ਚੌਖਟੇ ਵਿੱਚ ਫਿਟ ਬੈਠਦਾ ਹੋਵੇਗਾ। ਆਈਟੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸਦਨ ਵਿਚੋਂ ਬਿੱਲ ਵਾਪਸ ਲੈਣ ਲਈ ਪੇਸ਼ਕਦਮੀ ਕਰਦਿਆਂ ਕਿਹਾ, ‘‘ਸਰਕਾਰ ਡਿਜੀਟਲ ਅਰਥਚਾਰੇ ਲਈ ਵਿਆਪਕ ਕਾਨੂੰਨੀ ਚੌਖਟੇ ਵਾਸਤੇ ਨਵਾਂ ਵਿਧਾਨਕ ਬਿੱਲ ਲਿਆਏਗੀ। ਸੂਤਰਾਂ ਨੇ ਕਿਹਾ ਕਿ ਸਰਕਾਰ ਨਵੇਂ ਬਿੱਲ ਨੂੰ ਸੰਸਦ ਵਿੱਚ ਰੱਖਣ ਤੋਂ ਪਹਿਲਾਂ ਇਸ ਬਾਰੇ ਵਿਆਪਕ ਵਿਚਾਰ ਚਰਚਾ ਕਰੇਗੀ। ਸੂਤਰਾਂ ਮੁਤਾਬਕ ਇਕ ਤੋਂ ਵੱਧ ਬਿੱਲ ਇਸ ਬਿੱਲ ਦੀ ਥਾਂ ਲੈ ਸਕਦੇ ਹਨ। ਨਿੱਜਤਾ ਤੇ ਸਾਈਬਰ ਸੁਰੱਖਿਆ ਨਾਲ ਜੁੜਿਆ ਇਹ ਬਿੱਲ ਸਰਦ ਰੁੱਤ ਇਜਲਾਸ ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ। -ਪੀਟੀਆਈ