ਮੁੰਬਈ, 18 ਜਨਵਰੀ
ਐਨਸੀਪੀ ਨੇ ਅਰਨਬ ਗੋਸਵਾਮੀ ਤੇ ਪਾਰਥੋ ਦਾਸਗੁਪਤਾ ਦੀ ਵਟਸਐਪ ਚੈਟ ਦੇ ਮਾਮਲੇ ਦੀ ਜਾਂਚ ਸਾਂਝੀ ਸੰਸਦੀ ਕਮੇਟੀ ਤੋਂ ਕਰਵਾਉਣ ਦੀ ਮੰਗ ਕੀਤੀ ਹੈ। ਸ਼ਰਦ ਪਵਾਰ ਦੀ ਅਗਵਾਈ ਵਾਲੀ ਐਨਸੀਪੀ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਲਈ ਸੰਸਦੀ ਕਮੇਟੀ ਗਠਿਤ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਰਿਪਬਲਿਕ ਟੀਵੀ ਦੇ ਸੰਪਾਦਕ ਅਰਨਬ ਗੋਸਵਾਮੀ ਤੇ ‘ਬੀਏਆਰਸੀ’ ਦੇ ਸਾਬਕਾ ਮੁਖੀ ਦਾਸਗੁਪਤਾ ਦੀ ਵਟਸਐਪ ਚੈਟ ਲੀਕ ਹੋ ਗਈ ਹੈ ਤੇ ਇਸ ਵਿਚ ਬਾਲਾਕੋਟ ਹਵਾਈ ਹਮਲੇ ਦਾ ਜ਼ਿਕਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੋਵਾਂ ਦੀ ਗੱਲਬਾਤ ਤੋਂ ਜ਼ਾਹਿਰ ਹੋ ਰਿਹਾ ਹੈ ਕਿ ਅਰਨਬ ਨੂੰ ਬਾਲਾਕੋਟ ਹਮਲੇ ਦੀ ਜਾਣਕਾਰੀ ਪਹਿਲਾਂ ਤੋਂ ਸੀ। ਐਨਸੀਪੀ ਦੇ ਮੁੱਖ ਬੁਲਾਰੇ ਮਹੇਸ਼ ਤਾਪਸੇ ਨੇ ਕਿਹਾ, ‘ਇਹ ਹੈਰਾਨ-ਪ੍ਰੇਸ਼ਾਨ ਕਰਨ ਵਾਲਾ ਹੈ ਕਿ ਕਿਵੇਂ ਕੌਮੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਨੂੰ ਟੀਆਰਪੀ (ਚੈਨਲ ਦਰਜਾਬੰਦੀ) ਲਈ ਵਰਤਿਆ ਜਾ ਰਿਹਾ ਹੈ।’
ਤਾਪਸੇ ਨੇ ਕਿਹਾ ਕਿ ਉਹ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨਾਲ ਇਸ ਮੁੱਦੇ ’ਤੇ ਗੱਲਬਾਤ ਕਰਨਗੇ। ਐਨਸੀਪੀ ਆਗੂ ਨੇ ਕਿਹਾ ਕਿ ਪਾਰਟੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਵੀ ‘ਚੈਟਗੇਟ’ ਬਾਰੇ ਸਪੱਸ਼ਟੀਕਰਨ ਮੰਗੇਗੀ। ਉਨ੍ਹਾਂ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਐਨੀ ਸੰਵੇਦਨਸ਼ੀਲ ਜਾਣਕਾਰੀ ਅਰਨਬ ਨੂੰ ਕਿਵੇਂ ਮਿਲੀ। ਗ੍ਰਹਿ ਮੰਤਰਾਲੇ ਨੂੰ ਸੂਚਨਾ ਦੇ ਸਰੋਤ ਦੀ ਸ਼ਨਾਖ਼ਤ ਕਰ ਕੇ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। -ਪੀਟੀਆਈ