ਨਵੀਂ ਦਿੱਲੀ, 30 ਨਵੰਬਰ
ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਸੰਸਦ ਵਿੱਚ ਬਿਨਾਂ ਚਰਚਾ ਦੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਲਈ ਸਰਕਾਰ ’ਤੇ ਅੱਜ ਚੁਟਕੀ ਲੈਂਦਿਆਂ ਕਿਹਾ ਕਿ ‘ਬਗੈਰ ਚਰਚਾ ਵਾਲੀ ਸੰਸਦੀ ਜਮਹੂਰੀਅਤ ਜਿਊਂਦੀ ਰਹੇ’। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਲੰਘੇ ਦਿਨ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਸੰਸਦ ਦੇ ਦੋਵਾਂ ਸਦਨਾਂ ਵਿੱਚ ਖੇਤੀ ਕਾਨੂੰਨ ਵਾਪਸੀ ਬਿੱਲ ਨੂੰ ਬਿਨਾਂ ਕਿਸੇ ਵਿਚਾਰ ਚਰਚਾ ਦੇ ਰੱਦ ਕਰ ਦਿੱਤਾ ਸੀ।
ਸ੍ਰੀ ਚਿਦੰਬਰਮ ਨੇ ਇਕ ਟਵੀਟ ਵਿੱਚ ਕਿਹਾ ਕਿ ਸੰਸਦੀ ਇਜਲਾਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ‘ਕਿਸੇ ਵੀ ਮੁੱਦੇ’ ਉੱਤੇ ਵਿਚਾਰ ਚਰਚਾ ਦੀ ਪੇਸ਼ਕਸ਼ ਕੀਤੀ ਸੀ ਅਤੇ ਪਹਿਲੇ ਹੀ ਦਿਨ ਤੇ ਸੰਸਦੀ ਕਾਰਵਾਈ ਦੀ ਪਹਿਲੀ ਆਈਟਮ ਵਜੋਂ ਖੇਤੀ ਕਾਨੂੰਨ ਵਾਪਸੀ ਬਿੱਲ ਨੂੰ ਬਗੈਰ ਚਰਚਾ ਦੇ ਰੱਦ ਕਰ ਦਿੱਤਾ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ, ‘‘ਖੇਤੀ ਮੰਤਰੀ ਵੱਲੋਂ ਵਿਚਾਰ ਚਰਚਾ ਤੋਂ ਇਨਕਾਰ ਲਈ ਦਿੱਤਾ ਤਰਕ ਸਮਝ ਤੋਂ ਬਾਹਰ ਸੀ। ਉਨ੍ਹ੍ਵਾਂ ਕਿਹਾ ਕਿ ਜਦੋਂ ਸਰਕਾਰ ਤੇ ਵਿਰੋਧੀ ਧਿਰ ਸਹਿਮਤ ਹੁੰਦੇ ਹਨ ਤਾਂ ਵਿਚਾਰ ਚਰਚਾ ਦੀ ਕੋਈ ਲੋੜ ਨਹੀਂ!’’ ਸਾਬਕਾ ਵਿੱਤ ਮੰਤਰੀ ਨੇ ਕਿਹਾ ਜਦੋਂ ਦੋਵੇਂ ਧਿਰਾਂ ਸਹਿਮਤ ਨਹੀਂ ਸਨ ਤਾਂ ਉਦੋਂ ਬਿਨਾਂ ਕਿਸੇ ਚਰਚਾ ਤੋਂ ਖੇਤੀ ਬਿੱਲ ਪਾਸ ਕਰ ਦਿੱਤੇ ਗਏ ਅਤੇ ਹੁਣ ਜਦੋਂ ਦੋਵੇਂ ਧਿਰਾਂ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਸਹਿਮਤ ਸਨ ਤਾਂ ਵੀ ਕੋਈ ਚਰਚਾ ਨਹੀਂ ਹੋਈ। ਜਿਵੇਂ ਮਰਜ਼ੀ ਕਹਿ ਲਵੋ, ਵਿਚਾਰ ਚਰਚਾ ਨਹੀਂ ਹੋਈ। ਬਗੈਰ ਵਿਚਾਰ ਚਰਚਾ ਵਾਲੀ ਸੰਸਦੀ ਜਮਹੂਰੀਅਤ ਜਿਊਂਦੀ ਰਹੇ।’’ -ਪੀਟੀਆਈ