ਦੇਹਰਾਦੂਨ, 1 ਅਕਤੂਬਰ
ਕੇਦਾਰਨਾਥ ਮੰਦਰ ਨੇੜੇ ਅੱਜ ਸਵੇਰੇ ਗਲੇਸ਼ੀਅਰ ਦਾ ਹਿੱਸਾ ਡਿੱਗਣ ਕਾਰਨ ਸ਼ਰਧਾਲੂ ਸਹਿਮ ਗਏ ਪਰ ਇੱਥੋਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੀਰਥ ਸਥਾਨ ਦੀ ਯਾਤਰਾ ਦੀ ਯੋਜਨਾ ਬਣਾ ਰਹੇ ਸ਼ਰਧਾਲੂਆਂ ਨੂੰ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈ। ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ (ਬੀਕੇਟੀਸੀ) ਦੇ ਚੇਅਰਮੈਨ ਅਜੇਂਦਰ ਅਜੈ ਨੇ ਕਿਹਾ, ‘ਅੱਜ ਸਵੇਰੇ 6.30 ਵਜੇ ਦੇ ਕਰੀਬ ਕੇਦਾਰਨਾਥ ਮੰਦਰ ਤੇ ਸਵਰਗਰੋਹਿਨੀ ਵਿਚਾਲੇ ਗਲੇਸ਼ੀਅਰ ਦਾ ਵੱਡਾ ਟੁਕੜਾ ਟੁੱਟ ਕੇ ਮੰਦਰ ਪਿੱਛੇ ਸਥਿਤ ਚੋਰਾਬਾਰੀ ਝੀਲ ’ਚ ਡਿੱਗਿਆ। ਤਿੰਨ-ਚਾਰ ਮਿੰਟ ਤੱਕ ਬਰਫ ਦੇ ਟੁਕੜੇ ਝੀਲ ਉੱਪਰ ਤੈਰਦੇ ਦਿਖਾਈ ਦਿੰਦੇ ਰਹੇ।’ ਇਸ ਘਟਨਾ ਕਾਰਨ ਮੰਦਰ ਦੇ ਦਰਸ਼ਨ ਕਰਨ ਪਹੁੰਚੇ ਸ਼ਰਧਾਲੂ ਡਰ ਗਏ। ਇਸ ਘਟਨਾ ਨੇ ਸਾਲ 2013 ’ਚ ਕੇਦਾਰਨਾਥ ’ਚ ਵਾਪਰੇ ਹਾਦਸੇ ਦੀ ਯਾਦ ਤਾਜ਼ਾ ਕਰਵਾ ਦਿੱਤੀ ਜਿਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਸਨ। ਅਜੈ ਨੇ ਕਿਹਾ ਕਿ ਮੰਦਾਕਿਨੀ ਤੇ ਸਰਸਵਤੀ ਨਦੀ ਦੇ ਪਾਣੀ ਦਾ ਪੱਧਰ ਨਹੀਂ ਵਧਿਆ ਤੇ ਸ਼ਰਧਾਲੂਆਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹਤਿਆਤ ਵਜੋਂ ਸਥਾਨਕ ਪ੍ਰਸ਼ਾਸਨ ਅਤੇ ਗੜਵਾਲ ਮੰਡਲ ਵਿਕਾਸ ਨਿਗਮ ਲਿਮਿਟਡ, ਬੀਕੇਟੀਸੀ ਅਤੇ ਐੱਸਡੀਆਰਐੰਫ ਦੀਆਂ ਟੀਮਾਂ ਲਗਾਤਾਰ ਪਾਣੀ ਦੇ ਪੱਧਰ ’ਤੇ ਨਜ਼ਰ ਰੱਖ ਰਹੀਆਂ ਹਨ। ਅਜੇਂਦਰ ਅਜੈ ਨੇ ਕਿਹਾ, ‘ਇਹ ਘਟਨਾ ਮੰਦਰ ਤੋਂ ਕਾਫੀ ਦੂਰ ਹਿਮਾਲਿਆ ਖੇਤਰ ’ਚ ਵਾਪਰੀ ਹੈ ਤੇ ਇੱਥੇ ਅਜਿਹੀਆਂ ਘਟਨਾਵਾਂ ਆਮ ਹੀ ਵਾਪਰਦੀਆਂ ਰਹਿੰਦੀਆਂ ਹਨ।’ -ਪੀਟੀਆਈ