ਕੋਲਕਾਤਾ, 28 ਜੁਲਾਈ
ਮੁੱਖ ਅੰਸ਼
- ਜਾਂਚ ਪੂਰੀ ਹੋਣ ਤੱਕ ਪਾਰਟੀ ਤੋਂ ਮੁਅੱਤਲ ਰਹਿਣਗੇ ਚੈਟਰਜੀ: ਅਭਿਸ਼ੇਕ
ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਸਕੂਲ ਭਰਤੀ ਘੁਟਾਲੇ ’ਚ ਗ੍ਰਿਫ਼ਤਾਰ ਮੰਤਰੀ ਪਾਰਥ ਚੈਟਰਜੀ ਨੂੰ ਅੱਜ ਪੱਛਮੀ ਬੰਗਾਲ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਮੰਤਰੀ ਮੰਡਲ ’ਚੋਂ ਕੱਢ ਦਿੱਤਾ ਹੈ। ਇੱਕ ਅਧਿਕਾਰਤ ਬਿਆਨ ’ਚ ਕਿਹਾ ਗਿਆ ਹੈ, ‘ਪਾਰਥ ਚੈਟਰਜੀ ਨੂੰ ਸਨਅਤ, ਵਣਜ ਤੇ ਉਦਯੋਗ, ਸੂਚਨਾ ਤਕਨੀਕ ਤੇ ਇਲੈਕਟ੍ਰੌਨਿਕਸ ਵਿਭਾਗ, ਸੰਸਦੀ ਮਾਮਲੇ ਵਿਭਾਗ ਤੇ ਜਨਤਕ ਉਦਯੋਗ ਤੇ ਉਦਯੋਗਿਕ ਮੁੜ ਨਿਰਮਾਣ ਵਿਭਾਗ ਦੇ ਇੰਚਾਰਜ ਮੰਤਰੀ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਤੁਰੰਤ ਪ੍ਰਭਾਵ ਨਾਲ ਮੁਕਤ ਕੀਤਾ ਜਾਂਦਾ ਹੈ।’ ਦੂਜੇ ਪਾਸੇ ਇੱਥੇ ਇੱਕ ਸਰਕਾਰੀ ਪ੍ਰੋਗਰਾਮ ਦੌਰਾਨ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਬਰਖਾਸਤ ਕੀਤੇ ਗਏ ਮੰਤਰੀ ਪਾਰਥ ਚੈਟਰਜੀ ਦੇ ਵਿਭਾਗਾਂ ਦਾ ਚਾਰਜ ਕੁਝ ਸਮੇਂ ਲਈ ਉਨ੍ਹਾਂ ਕੋਲ ਰਹੇਗਾ। ਮਮਤਾ ਬੈਨਰਜੀ ਨੇ ਕਿਹਾ, ‘ਜਿਹੜੇ ਵਿਭਾਗ ਪਾਰਥ ਚੈਟਰਜੀ ਦੇਖ ਰਹੇ ਸਨ ਉਹ ਮੰਤਰੀ ਮੰਡਲ ’ਚ ਫੇਰ-ਬਦਲ ਤੱਕ ਮੈਂ ਦੇਖਾਂਗੀ।’ ਇਹ ਹੁਕਮ ਮੁੱਖ ਸਕੱਤਰ ਐੱਚਕੇ ਦਿਵੇਦੀ ਦੇ ਦਸਤਖ਼ਤਾਂ ਹੇਠ ਜਾਰੀ ਹੋਏ ਹਨ।
ਉਧਰ ਤ੍ਰਿਣਾਮੂਲ ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਅੱਜ ਕਿਹਾ ਕਿ ਸਕੂਲ ਭਰਤੀ ਘੁਟਾਲੇ ਦੀ ਜਾਂਚ ਪੂਰੀ ਹੋਣ ਤੱਕ ਪਾਰਥ ਚੈਟਰਜੀ ਪਾਰਟੀ ਤੋਂ ਮੁਅੱਤਲ ਰਹਿਣਗੇ। ਉਨ੍ਹਾਂ ਕਿਹਾ ਕਿ ਚੈਟਰਜੀ ਨੂੰ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਹਟਾ ਦਿੱਤਾ ਗਿਆ ਹੈ ਅਤੇ ਨਿਰਦੋਸ਼ ਸਾਬਤ ਹੋਣ ’ਤੇ ਹੀ ਟੀਐੱਮਸੀ ਦੇ ਦਰਵਾਜ਼ੇ ਉਨ੍ਹਾਂ ਲਈ ਖੁੱਲ੍ਹਣਗੇ। ਇਸ ’ਤੇ ਪ੍ਰਤੀਕਿਰਿਆ ਦਿੰਦਿਆਂ ਪੱਛਮੀ ਬੰਗਾਲ ਭਾਜਪਾ ਦੇ ਪ੍ਰਧਾਨ ਸੁਕਾਂਤਾ ਮਜੂਮਦਾਰ ਨੇ ਕਿਹਾ ਕਿ ਟੀਐੱਸਮੀ ਲੀਡਰਸ਼ਿਪ ਪਾਰਥ ਚੈਟਰਜੀ ਨੂੰ ਬਲੀ ਦਾ ਬਕਰਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘੁਟਾਲੇ ’ਚ ਬਹੁਤ ਸਾਰੇ ਲੋਕ ਸ਼ਾਮਲ ਹਨ। -ਪੀਟੀਆਈ