ਨਾਦੌਨ (ਹਿਮਾਚਲ ਪ੍ਰਦੇਸ਼), 2 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਾਂਗਰਸ ਪਾਰਟੀ ’ਤੇ ਤਨਜ਼ ਕੱਸਦਿਆਂ ਕਿਹਾ ਕਿ ਇਹ ਰਾਜਿਆਂ ਤੇ ਰਾਣੀਆਂ ਦੀ ਪਾਰਟੀ ਹੈ ਅਤੇ ਇੱਥੋਂ ਤੱਕ ਕਿ ਹਿਮਾਚਲ ਪ੍ਰਦੇਸ਼ ਵਿੱਚ ਮੁੱਖ ਮੰਤਰੀ ਦੇ ਅਹੁਦੇ ਲਈ ਵੀ ਇਸ ਪਾਰਟੀ ਦੇ ਕਈ ਉਮੀਦਵਾਰ ਹੋਣਗੇ ਪਰ ਅਸਲ ਵਿੱਚ ਮੌਕਾ ਕਿਸੇ ਨੂੰ ਵੀ ਨਹੀਂ ਮਿਲਣਾ।
ਇੱਥੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਸ਼ਾਹ ਨੇ ਭਾਈ-ਭਤੀਜਾਵਾਦ ਅਤੇ ਵਿਕਾਸ ਦੇ ਨਾਂ ’ਤੇ ਕੁਝ ਨਾ ਕਰਨ ਦੇ ਦੋਸ਼ ਲਗਾਉਂਦਿਆਂ ਕਾਂਗਰਸ ਪਾਰਟੀ ’ਤੇ ਤਿੱਖੇ ਹਮਲੇ ਕੀਤੇ। ਕੇਂਦਰੀ ਗ੍ਰਹਿ ਮੰਤਰੀ ਨੇ ਸੂਬੇ ਦੇ ਇਸ ਹਿੱਸੇ ਵਿੱਚ ਜਿੱਥੇ ਕੇ ਵੋਟਾਂ 12 ਨਵੰਬਰ ਨੂੰ ਪੈਣੀਆਂ ਹਨ, ਦੇ ਵੋਟਰਾਂ ਨੂੰ ਲੁਭਾਉਣ ਲਈ ਪਾਕਿਸਤਾਨ ਖ਼ਿਲਾਫ਼ ਕੀਤੇ ਸਰਜੀਕਲ ਹਵਾਈ ਹਮਲਿਆਂ, ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ, ‘ਇਕ ਰੈਂਕ, ਇਕ ਪੈਨਸ਼ਨ’ ਦੇ ਲਾਗੂ ਕਰਨ ਅਤੇ ਕਸ਼ਮੀਰ ਵਿੱਚ ਧਾਰਾ 370 ਹਟਾਉਣ ਦਾ ਜ਼ਿਕਰ ਵੀ ਕੀਤਾ।
ਉਹ ਨਾਦੌਨ ਤੋਂ ਭਾਜਪਾ ਉਮੀਦਵਾਰ ਵਿਜੈ ਅਗਨੀਹੋਤਰੀ ਦੇ ਸਮਰਥਨ ਵਿੱਚ ਪ੍ਰਚਾਰ ਕਰ ਰਹੇ ਸਨ। ਨਾਦੌਨ ਤੋਂ ਕਾਂਗਰਸੀ ਉਮੀਦਵਾਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘‘ਕਾਂਗਰਸ ਕੋਲ ਵਿਕਾਸ ਦੇ ਨਾਂ ’ਤੇ ਕਹਿਣ ਨੂੰ ਕੁਝ ਨਹੀਂ ਹੈ ਅਤੇ ਹਿਮਾਚਲ ਵਿੱਚ ਕੁਝ ਸੀਟਾਂ ਜਿੱਤਣ ਲਈ ਇਸ ਨੇ ਅੱਠ ਤੋਂ ਦਸ ਸੀਟਾਂ ’ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਐਲਾਨੇ ਹਨ। ਇੱਥੇ ਵੀ ਮੁੱਖ ਮੰਤਰੀ ਅਹੁਦੇ ਦਾ ਇਕ ਉਮੀਦਵਾਰ ਹੈ ਪਰ ਉਹ ਇਹ ਨਹੀਂ ਜਾਣਦਾ ਕਿ ਉਹ ਕਾਂਗਰਸ ਵਿੱਚ ਮੁੱਖ ਮੰਤਰੀ ਨਹੀਂ ਬਣੇਗਾ, ਕਿਉਂਕਿ ਮੁੱਖ ਮੰਤਰੀ ਬਣਨ ਲਈ ਕਿਸੇ ਸੀਨੀਅਰ ਪਾਰਟੀ ਆਗੂ ਦਾ ਪੁੱਤਰ ਜਾਂ ਧੀ ਹੋਣਾ ਚਾਹੀਦਾ ਹੈ। ਤੁਹਾਨੂੰ ਕਦੇ ਮੌਕਾ ਨਹੀਂ ਮਿਲੇਗਾ।’’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ, ‘‘ਇਹ ਰਾਜਿਆਂ ਤੇ ਰਾਣੀਆਂ ਦੀ ਪਾਰਟੀ ਹੈ ਅਤੇ ਹੋਰ ਕਿਸੇ ਨੂੰ ਮੌਕਾ ਨਹੀਂ ਮਿਲੇਗਾ। ਕੀ ਲੋਕਤੰਤਰ ਵਿੱਚ ਰਾਜਿਆਂ-ਰਾਣਿਆਂ ਲਈ ਕੋਈ ਜਗ੍ਹਾ ਹੈ।’’ ਉਨ੍ਹਾਂ ਦੇਸ਼ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਹਥਿਆਰਬੰਦ ਬਲਾਂ ਵਿੱਚ ਆਪਣੇ ਪੁੱਤਾਂ ਨੂੰ ਭੇਜਣ ਵਾਲੀਆਂ ਬਹਾਦਰ ਮਾਵਾਂ ਨੂੰ ਵੀ ਸਨਮਾਨ ਭੇਟ ਕੀਤਾ। -ਪੀਟੀਆਈ
ਨੱਢਾ ਵੱਲੋਂ ਭਲਕੇ ਜਾਰੀ ਕੀਤਾ ਜਾਵੇਗਾ ਹਿਮਾਚਲ ਲਈ ‘ਭਵਿੱਖੀ ਦਸਤਾਵੇਜ਼’
ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਸ਼ੁੱਕਰਵਾਰ ਨੂੰ ਆਗਾਮੀ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪਾਰਟੀ ਦਾ ਭਵਿੱਖ ਦੇ ਦ੍ਰਿਸ਼ਟੀਕੋਣ ਸਬੰਧੀ ਦਸਤਾਵੇਜ਼ ਜਾਰੀ ਕਰਨਗੇ। ਹਿਮਾਚਲ ਪ੍ਰਦੇਸ਼ ਦੀ 68 ਮੈਂਬਰੀ ਵਿਧਾਨ ਸਭਾ ਲਈ 12 ਨਵੰਬਰ ਨੂੰ ਵੋਟਾਂ ਪੈਣੀਆਂ ਹਨ। ਭਾਜਪਾ ਦੇ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਪ੍ਰਦੇਸ਼ ਵਿੱਚ 5 ਨਵੰਬਰ ਅਤੇ 9 ਨਵੰਬਰ ਨੂੰ ਦੋ-ਦੋ ਚੋਣ ਰੈਲੀਆਂ ਕਰਨਗੇ। ਪ੍ਰਧਾਨ ਮੰਤਰੀ ਸ਼ਨਿਚਰਵਾਰ ਨੂੰ ਮੰਡੀ ਅਤੇ ਸੋਲਨ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ। -ਪੀਟੀਆਈ