ਨਵੀਂ ਦਿੱਲੀ, 14 ਜੂਨ
ਏਅਰ ਇੰਡੀਆ ਨੇ ਦੱਸਿਆ ਹੈ ਕਿ ਲਾਗੋਸ ਤੋਂ ਮੁੰਬਈ ਆ ਰਹੇ ਉਸ ਦੇ ਜਹਾਜ਼ ਵਿੱਚ 42 ਸਾਲਾ ਵਿਅਕਤੀ ਦੀ ਅਚਾਨਕ ਮੌਤ ਕੁਦਰਤੀ ਸੀ। ਏਅਰ ਇੰਡੀਆ ਦਾ ਵਿਸ਼ੇਸ਼ ਜਹਾਜ਼ ਕਰੋਨਾਵਾਇਰਸ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਵੰਦੇ ਭਾਰਤ ਮਿਸ਼ਨ’ ਤਹਿਤ ਲਾਗੋਸ ਤੋਂ ਮੁੰਬਈ ਆ ਰਿਹਾ ਸੀ। ਏਅਰ ਇੰਡੀਆ ਅਨੁਸਾਰ ਏਆਈ-1906 ਉਡਾਣ ਨਾਈਜੀਰੀਆ ਤੋਂ ਭਾਰਤੀ ਸਮੇਂ ਅਨੁਸਾਰ ਸ਼ਾਮ 7 ਵਜੇ ਰਵਾਨਾ ਹੋਈ ਤੇ ਐਤਵਾਰ ਤੜਕੇ 3.45 ਵਜੇ ਮੁੰਬਈ ਏਅਰਪੋਰਟ ਪਹੁੰਚੀ।13 ਜੂਨ ਨੂੰ ਬੇਹੋਸ਼ ਹੋਏ 42 ਸਾਲਾ ਯਾਤਰੀ ਨੂੰ ਹੋਸ਼ ਵਿੱਚ ਲਿਆਉਣ ਲਈ ਜਹਾਜ਼ ਵਿੱਚ ਮੌਜੂਦ ਡਾਕਟਰੀ ਟੀਮ ਨੇ ਕਾਫੀ ਕੋਸ਼ਿਸ਼ ਕੀਤੀ। ਡਾਕਟਰਾਂ ਨੇ ਯਾਤਰੀ ਨੂੰ ਜਹਾਜ਼ ਵਿੱਚ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।ਅਜਿਹੀ ਸਥਿਤੀ ਵਿੱਚ ਮੁੰਬਈ ਹਵਾਈ ਅੱਡੇ ਉੱਤੇ ਤੜਕੇ 3.45 ਵਜੇ ਉਤਰਨ ਤੋਂ ਬਾਅਦ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰਨ ਤੋਂ ਮਗਰੋਂ ਲਾਸ਼ ਨੂੰ ਨਿਯਮਾਂ ਅਨੁਸਾਰ ਹਸਪਤਾਲ ਭੇਜਿਆ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਜਹਾਜ਼ ਨੂੰ ਸੈਨੇਟਾਈਜ਼ ਕਰ ਦਿੱਤਾ ਗਿਆ ਹੈ।