ਨਵੀਂ ਦਿੱਲੀ, 9 ਅਕਤੂਬਰ
ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦਾ ਪਟਨਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਸਸਕਾਰ ਮੌਕੇ ਕਾਨੂੰਨ ਅਤੇ ਆਈਟੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਕੇਂਦਰ ਸਰਕਾਰ ਦੀ ਨੁਮਾਇੰਦਗੀ ਕਰਨਗੇ। ਦੱਸਣਯੋਗ ਹੈ ਕਿ ਪਾਸਵਾਨ (74) ਦਾ ਬੀਤੀ ਸ਼ਾਮ ਇੱਥੇ ਨਿੱਜੀ ਹਸਪਤਾਲ ਵਿੱਚ ਦਿਲ ਦੇ ਅਪਰੇਸ਼ਨ ਮਗਰੋਂ ਦੇਹਾਂਤ ਹੋ ਗਿਆ ਸੀ।
ਸੂਤਰਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਭਲਕੇ (ਸ਼ਨਿਚਰਵਾਰ) ਪਟਨਾ ਵਿੱਚ ਅੰਤਿਮ ਸੰਸਕਾਰ ਕੀਤੇ ਜਾਣ ਦੀ ਸੰਭਾਵਨਾ ਹੈ। ਊਨ੍ਹਾਂ ਦੀ ਦੇਹ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਪਟਨਾ ਲਿਜਾਇਆ ਜਾਵੇਗਾ। ਕੇਂਦਰੀ ਕੈਬਨਿਟ ਦੀ ਅੱਜ ਸਵੇਰੇ ਹੋਈ ਵਿਸ਼ੇਸ਼ ਬੈਠਕ ਵਿੱਚ ਫ਼ੈਸਲਾ ਲਿਆ ਗਿਆ ਕਿ ਸੀਨੀਅਰ ਆਗੂ ਦੇ ਸਸਕਾਰ ਮੌਕੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਵਲੋਂ ਭਾਰਤ ਸਰਕਾਰ ਅਤੇ ਕੇਂਦਰੀ ਮੰਤਰੀਆਂ ਦੀ ਨੁਮਾਇੰਦਗੀ ਕੀਤੀ ਜਾਵੇਗੀ। ਸਰਕਾਰੀ ਬਿਆਨ ਅਨੁਸਾਰ ਖ਼ਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਬਾਰੇ ਮੰਤਰੀ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਊਨ੍ਹਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ। ਬਿਆਨ ਅਨੁਸਾਰ, ‘‘ਕੈਬਨਿਟ ਨੇ ਸ੍ਰੀ ਰਾਮਵਿਲਾਸ ਪਾਸਵਾਨ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤੇ ਜਾਣ ਨੂੰ ਪ੍ਰਵਾਨਗੀ ਦਿੱਤੀ ਹੈ।’’ ਕੈਬਨਿਟ ਨੇ ਸ਼ੋਕ ਮਤਾ ਵੀ ਪਾਸ ਕੀਤਾ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਮੰਤਰੀ ਅਮਿਤ ਸ਼ਾਹ, ਰਵੀ ਸ਼ੰਕਰ ਪ੍ਰਸਾਦ, ਰਾਜਨਾਥ ਸਿੰਘ, ਜੇ.ਪੀ. ਨੱਢਾ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਮਰਹੂਮ ਆਗੂ ਦੀ ਰਿਹਾਇਸ਼ ’ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਐੱਨਸੀਪੀ ਪ੍ਰਧਾਨ ਸ਼ਰਦ ਪਵਾਰ, ਆਰਜੇਡੀ ਸੰਸਦ ਮੈਂਬਰ ਮਿਸ਼ਾ ਭਾਰਤੀ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ। -ਪੀਟੀਆਈ
ਦੇਸ਼ ਨੇ ਮਹਾਨ ਦਲਿਤ ਤੇ ਸਮਾਜਿਕ ਆਗੂ ਗੁਆਇਆ: ਮਨਮੋਹਨ ਸਿੰਘ
ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਚਲਾਣੇ ’ਤੇ ਅੱਜ ਕਿਹਾ ਕਿ ਦੇਸ਼ ਨੇ ਇੱਕ ਮਹਾਨ ਦਲਿਤ ਅਤੇ ਸਮਾਜਿਕ ਆਗੂ ਗੁਆ ਦਿੱਤਾ ਹੈ, ਜੋ ਹਮੇਸ਼ਾ ਸਮਾਜ ਦੇ ਗਰੀਬ ਅਤੇ ਦੱਬੇ-ਕੁਚਲੇ ਵਰਗਾਂ ਦੇ ਲੋਕਾਂ ਨਾਲ ਖੜ੍ਹਾ ਰਿਹਾ। ਊਨ੍ਹਾਂ ਮਰਹੂਮ ਆਗੂ ਦੇ ਪੁੱਤਰ ਚਿਰਾਗ ਪਾਸਵਾਨ ਨੂੰ ਪੱਤਰ ਭੇਜ ਕੇ ਦੁੱਖ ਦਾ ਪ੍ਰਗਟਾਵਾ ਕੀਤਾ। -ਪੀਟੀਆਈ