ਪੁਣੇ, 2 ਅਕਤੂਬਰ
ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨੇ ਸ਼ਨਿੱਚਰਵਾਰ ਨੂੰ ਤਰੱਕੀ ਲਈ ਆਪਣੀਆਂ ਤਾਕਤਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰਨ ਲਈ ਕੇਂਦਰੀ ਰੋਡ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਵਡਿਆਇਆ। ਵਿਰੋਧੀ ਪਾਰਟੀਆਂ ਨਾਲ ਸਬੰਧਤ ਦੋਵਾਂ ਆਗੂਆਂ ਨੇ ਮਹਾਰਾਸ਼ਟਰ ਦੇ ਅਹਿਮਦਨਗਰ ਵਿੱਚ ਕਰਵਾਏ ਸਮਾਗਮ ਦੌਰਾਨ ਮੰਚ ਸਾਂਝਾ ਕੀਤਾ। ਪਵਾਰ ਨੇ ਕਿਹਾ,‘ਮੈਂ ਇਸ ਸਮਾਗਮ ਵਿੱਚ ਇਸ ਲਈ ਸ਼ਾਮਲ ਹੋਇਆ ਹਾਂ ਕਿਉਂਕਿ ਮੈਨੂੰ ਦੱਸਿਆ ਗਿਆ ਸੀ ਕਿ ਗਡਕਰੀ ਅਹਿਮਦਨਗਰ ਵਿੱਚ ਕਈ ਪ੍ਰਾਜੈਕਟਾਂ ਦੀ ਸ਼ੁਰੂਆਤ ਕਰ ਰਹੇ ਹਨ ਜਿਸ ਨਾਲ ਸ਼ਹਿਰ ਦੇ ਲੰਬੇ ਸਮੇਂ ਤੋਂ ਲਟਕ ਰਹੇ ਮਸਲੇ ਹੱਲ ਹੋ ਜਾਣਗੇ। ਉਹ ਚਾਹੁੰਦੇ ਸਨ, ਮੈਂ ਸਮਾਗਮ ਵਿੱਚ ਮੌਜੂਦ ਹੋਵਾਂ।’ ਪਵਾਰ ਨੇ ਅੱਗੇ ਕਿਹਾ,‘ਦੇਸ਼ ਦੀ ਤਰੱਕੀ ਲਈ ਇਕ ਲੋਕ ਪ੍ਰਤੀਨਿਧ ਨੂੰ ਕਿਵੇਂ ਕੰਮ ਕਰਨਾ ਚਾਹੀਦਾ ਹੈ, ਇਸ ਦੀ ਗਡਰਕੀ ਨੇ ਮਿਸਾਲ ਪੇਸ਼ ਕੀਤੀ ਹੈ।’ -ਪੀਟੀਆਈ